ਪੁਲਿਸ ਵਲੋਂ ਮਈ ਮਹੀਨੇ ‘ਚ ਐਨ.ਡੀ.ਪੀ.ਐਸ. ਦੇ 95 ਮਾਮਲੇ ਦਰਜ, 123 ਗ੍ਰਿਫ਼੍ਰਤਾਰ

35

ਹੁਸ਼ਿਆਰਪੁਰ, 26 ਜੂਨ 2026 AJ DI Awaaj

Punjab Desk : ਜ਼ਿਲ੍ਹੇ ਵਿਚ ਨੈਸ਼ਨਲ ਨਾਰਕੋਟਿਕਸ ਕੁਆਰਡੀਨੇਸ਼ਨ ਪੋਰਟਲ (ਐਨਕਾਰਡ) ਤਹਿਤ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਕਾਰਗੁਜਾਰੀ ਦੀ ਅੱਜ ਇੱਥੇ ਸਮੀਖਿਆ ਦੌਰਾਨ ਦੱਸਿਆ ਗਿਆ ਕਿ ਮਈ ਮਹੀਨੇ ਦੌਰਾਨ 95 ਕੇਸ ਦਰਜ ਕਰਕੇ 123 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

          ਐਸ.ਡੀ.ਐਮ. ਪਰਮਪ੍ਰੀਤ ਸਿੰਘ, ਐਸ.ਪੀ. (ਪੀ.ਬੀ.ਆਈ) ਮੇਜਰ ਸਿੰਘ ਅਤੇ ਸਹਾਇਕ ਕਮਿਸ਼ਨਰ ਸੁਮਿਤ ਮੁਧ ਦੀ ਅਗਵਾਈ ਵਿਚ ਅੱਜ ਇੱਥੇ ਐਨਕਾਰਡ ਸਮੀਖਿਆ ਮੀਟਿੰਗ ਵਿਚ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ, ਨਸ਼ਿਆਂ ਦੀ ਗ੍ਰਿਫਤ ਵਿਚ ਆਏ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਕਰਵਾਉਣ, ਨਸ਼ਿਆਂ ਵਿਰੁੱਧ ਜਾਗਰੂਕਤਾ ਸਰਗਰਮੀਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਵੱਖ-ਵੱਖ ਸਬੰਧਤ ਵਿਭਾਗਾਂ ਦੀ ਨਸ਼ਿਆਂ ਵਿਰੁੱਧ ਕਾਰਗੁਜਾਰੀ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।

          ਐਸ.ਪੀ. ਮੇਜਰ ਸਿੰਘ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ ਜ਼ਿਲ੍ਹਾ ਪੁਲਿਸ ਵਲੋਂ 878 ਗ੍ਰਾਮ ਹੈਰੋਇਨ, 26 ਕਿਲੋ ਤੋਂ ਵੱਧ ਚੂਰਾ ਪੋਸਤ, ਇਕ ਹਜ਼ਾਰ ਤੋਂ ਵੱਧ ਨਸ਼ੀਲੇ ਕੈਪਸ਼ੂਲ ਅਤੇ 15100 ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੀ ਅਸਰਦਾਰ ਢੰਗ ਨਾਲ ਰੋਕਥਾਮ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਨਸ਼ਿਆਂ ਦੇ ਸਮੱਗਲਰਾਂ ਦੀ ਜਾਇਦਾਦਾਂ ਵੀ ਜ਼ਬਤ ਕਰਨ, ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਕਰਨ ਤੋਂ ਇਲਾਵਾ ਨਸ਼ਿਆਂ ਦੀ ਲਤ ਲਾ ਚੁੱਕੇ ਨੌਜ਼ਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਅਤੇ ਓਟ ਕੇਂਦਰਾਂ ਵਿਚ ਭਰਤੀ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਮਈ ਮਹੀਨੇ ਦੌਰਾਨ 147 ਪਬਲਿਕ ਮੀਟਿੰਗਾਂ ਕਰਕੇ ਨਸ਼ਿਆਂ ਦੇ ਰੁਝਾਨ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਐਸ.ਡੀ.ਐਮ. ਨੇ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਵਿਭਾਗ ਨਾਲ ਲਗਾਤਾਰ ਤਾਲਮੇਲ ਬਣਾ ਕੇ ਨਸ਼ਿਆਂ ਵਿਰੁੱਧ ਬਣਦੀਆਂ ਕਾਰਵਾਈਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।

ਕੈਪਸ਼ਨ: ਐਨਕਾਰਡ ਮੀਟਿੰਗ ਦੌਰਾਨ ਐਸ.ਪੀ. ਮੇਜਰ ਸਿੰਘ, ਐਸ.ਡੀ.ਐਮ ਪਰਮਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਸੁਮਿਤ ਮੁਧ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ।