28 ਜਨਵਰੀ, 2026 ਅਜ ਦੀ ਆਵਾਜ਼
Himachal Desk: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਬੁੱਧਵਾਰ ਨੂੰ ਧੁੱਪ ਖਿੜੀ, ਜਿਸ ਨਾਲ ਬਰਫ਼ ਨਾਲ ਢੱਕੇ ਪਹਾੜਾਂ ਦਾ ਖੂਬਸੂਰਤ ਨਜ਼ਾਰਾ ਸਾਹਮਣੇ ਆਇਆ। ਸ਼ਿਮਲਾ, ਮਨਾਲੀ, ਕੁਫ਼ਰੀ, ਨਾਰਕੰਡਾ, ਖੱਜਿਆਰ, ਰੋਹਤਾਂਗ ਅਤੇ ਲਾਹੌਲ-ਸਪੀਤੀ ਸਮੇਤ ਉੱਚਾਈ ਵਾਲੇ ਇਲਾਕੇ ਸਫੈਦ ਚਾਦਰ ਵਿੱਚ ਲਿਪਟ ਗਏ ਹਨ। ਤਾਜ਼ਾ ਬਰਫ਼ਬਾਰੀ ਨਾਲ ਸੈਰ-ਸਪਾਟਾ ਸਥਲ ਹੋਰ ਵੀ ਖਿੱਚ ਦਾ ਕੇਂਦਰ ਬਣ ਗਏ ਹਨ।
ਦੂਜੇ ਪਾਸੇ, ਬਰਫ਼ਬਾਰੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹਨ। ਸ਼ਿਮਲਾ, ਕੁੱਲੂ, ਚੰਬਾ ਅਤੇ ਸਰਾਜ ਘਾਟੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਲਗਭਗ 500 ਸੜਕਾਂ ਬੰਦ ਹਨ ਅਤੇ ਕਈ ਥਾਵਾਂ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਮਨਾਲੀ ਵਿੱਚ 60 ਸੈਂਟੀਮੀਟਰ, ਸੋਲੰਗ ਨਾਲਾ ਵਿੱਚ 90 ਸੈਂਟੀਮੀਟਰ, ਅਟਲ ਟਨਲ ਵਿੱਚ 120 ਸੈਂਟੀਮੀਟਰ ਅਤੇ ਰੋਹਤਾਂਗ ਦਰਰੇ ਵਿੱਚ ਕਰੀਬ 150 ਸੈਂਟੀਮੀਟਰ ਬਰਫ਼ ਦਰਜ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਸੜਕਾਂ ਖੋਲ੍ਹਣ ਲਈ ਕੰਮ ਜਾਰੀ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਉੱਚੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋ ਸਕਦੀ ਹੈ। ਇਸਦੇ ਨਾਲ ਹੀ ਤਾਪਮਾਨ ਵਿੱਚ ਗਿਰਾਵਟ, ਮੈਦਾਨੀ ਜ਼ਿਲ੍ਹਿਆਂ ਵਿੱਚ ਕੋਹਰੇ ਅਤੇ ਸ਼ੀਤਲਹਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।














