ਪੰਜਾਬ ਵਿੱਚ ਪੈਟਰੋਲ ਸੰਕਟ: ਅਫ਼ਵਾਹਾਂ ਨਾਲ ਵਧੀ ਮੰਗ, ਖੁੱਲ੍ਹਾ ਤੇਲ ਬੰਦ

32

Punjab 28 Mar 2026 AJ DI Awaaj

Punjab Desk :   ਪੱਛਮੀ ਏਸ਼ੀਆ ਵਿੱਚ ਚੱਲ ਰਹੀ ਤਣਾਅਪੂਰਨ ਸਥਿਤੀ ਦਾ ਅਸਰ ਹੁਣ ਪੰਜਾਬ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ’ਤੇ ਦਬਾਅ ਬਣ ਰਿਹਾ ਹੈ, ਜਿਸ ਕਰਕੇ ਪੈਟਰੋਲ ਪੰਪਾਂ ’ਤੇ ਡਰੰਮਾਂ ਜਾਂ ਬੋਤਲਾਂ ਵਿੱਚ ਖੁੱਲ੍ਹਾ ਤੇਲ ਦੇਣਾ ਰੋਕ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਲੌਕਡਾਊਨ ਬਾਰੇ ਫੈਲ ਰਹੀਆਂ ਅਫ਼ਵਾਹਾਂ ਨੇ ਲੋਕਾਂ ਵਿੱਚ ਘਬਰਾਹਟ ਵਧਾ ਦਿੱਤੀ ਹੈ। ਵੱਡੀ ਗਿਣਤੀ ਵਿੱਚ ਲੋਕ ਪੰਪਾਂ ’ਤੇ ਪਹੁੰਚ ਕੇ ਜ਼ਰੂਰਤ ਤੋਂ ਵੱਧ ਤੇਲ ਖਰੀਦ ਰਹੇ ਹਨ, ਜਿਸ ਨਾਲ ਕਈ ਥਾਵਾਂ ’ਤੇ ਸਟਾਕ ਤੇਜ਼ੀ ਨਾਲ ਘਟ ਰਿਹਾ ਹੈ।

ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਈ ਪੈਟਰੋਲ ਪੰਪਾਂ ’ਤੇ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਕਿਸਾਨ ਵੀ ਡਰੰਮ ਲੈ ਕੇ ਤੇਲ ਇਕੱਠਾ ਕਰਨ ਆ ਰਹੇ ਹਨ, ਪਰ ਤੇਲ ਕੰਪਨੀਆਂ ਦੇ ਹੁਕਮਾਂ ਅਨੁਸਾਰ ਹੁਣ ਖੁੱਲ੍ਹਾ ਤੇਲ ਨਹੀਂ ਦਿੱਤਾ ਜਾ ਰਿਹਾ। ਪੰਪ ਮਾਲਕ ਹੁਣ ਸੀਮਿਤ ਮਾਤਰਾ ਵਿੱਚ ਹੀ ਤੇਲ ਦੇ ਰਹੇ ਹਨ ਤਾਂ ਜੋ ਸਪਲਾਈ ਸੰਤੁਲਿਤ ਰਹੇ।

ਇਸਦੇ ਨਾਲ ਹੀ 1 ਅਪ੍ਰੈਲ ਤੋਂ ਕਣਕ ਦੀ ਕਟਾਈ ਸ਼ੁਰੂ ਹੋਣ ਨਾਲ ਡੀਜ਼ਲ ਦੀ ਮੰਗ ਹੋਰ ਵੱਧਣ ਦੀ ਸੰਭਾਵਨਾ ਹੈ, ਜਿਸ ਨਾਲ ਸਪਲਾਈ ਬਣਾਈ ਰੱਖਣਾ ਸਰਕਾਰ ਅਤੇ ਤੇਲ ਕੰਪਨੀਆਂ ਲਈ ਚੁਣੌਤੀ ਬਣ ਸਕਦਾ ਹੈ।

ਰਾਹਤ ਦੇ ਤੌਰ ’ਤੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਕੀਮਤਾਂ ’ਤੇ ਕੁਝ ਹੱਦ ਤੱਕ ਕਾਬੂ ਰਹਿਣ ਦੀ ਉਮੀਦ ਹੈ।

ਜਲੰਧਰ, ਮੋਗਾ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ ਪੈਟਰੋਲ ਪੰਪਾਂ ’ਤੇ ਦੇਰ ਰਾਤ ਤੱਕ ਭੀੜ ਦੇਖਣ ਨੂੰ ਮਿਲੀ। ਕੁਝ ਪੇਂਡੂ ਖੇਤਰਾਂ ਵਿੱਚ ਤਾਂ ਤੇਲ ਮੁੱਕਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ, ਜਦਕਿ ਜਲੰਧਰ ਵਿੱਚ ਇੱਕ ਪੰਪ ਨੂੰ ਅਸਥਾਈ ਤੌਰ ’ਤੇ ਬੰਦ ਕਰਨਾ ਪਿਆ।

ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਅਧਿਕਾਰੀਆਂ ਅਨੁਸਾਰ, ਖੁੱਲ੍ਹੇ ਤੇਲ ਦੀ ਵਿਕਰੀ ’ਤੇ ਰੋਕ ਤੇਲ ਕੰਪਨੀਆਂ ਦੇ ਨਿਰਦੇਸ਼ਾਂ ਅਨੁਸਾਰ ਲਗਾਈ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪੇਂਡੂ ਖੇਤਰਾਂ ਵਿੱਚ ਘਬਰਾਹਟ ਕਾਰਨ ਲੋਕ ਵੱਡੀ ਮਾਤਰਾ ਵਿੱਚ ਤੇਲ ਸਟੋਰ ਕਰ ਰਹੇ ਹਨ, ਜਿਸ ਨਾਲ ਸਥਿਤੀ ਹੋਰ ਗੰਭੀਰ ਬਣ ਰਹੀ ਹੈ।

ਮਾਲਵਾ ਖੇਤਰ ਵਿੱਚ ਹਾਲਾਤ ਅਜੇ ਵੀ ਕਾਫ਼ੀ ਹੱਦ ਤੱਕ ਸਧਾਰਣ ਹਨ, ਪਰ ਕੁੱਲ ਮਿਲਾ ਕੇ ਸੂਬੇ ਵਿੱਚ ਸਪਲਾਈ ’ਤੇ ਦਬਾਅ ਬਣਿਆ ਹੋਇਆ ਹੈ। ਜੇ ਅਫ਼ਵਾਹਾਂ ਅਤੇ ਘਬਰਾਹਟ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਪ੍ਰਭਾਵਿਤ ਹੋ ਸਕਦੇ ਹਨ।