26 ਅਪ੍ਰੈਲ 2026 Aj Di Awaaj
Lifestyle Desk: ਗਰਮੀਆਂ ਦੇ ਦਿਨਾਂ ਵਿੱਚ ਤਾਜ਼ਗੀ ਲਈ ਅਸੀਂ ਅਕਸਰ ਕੋਲਡ ਡ੍ਰਿੰਕਸ ਜਾਂ ਪੈਕਟ ਵਾਲੇ ਜੂਸਾਂ ਵੱਲ ਮੁੜਦੇ ਹਾਂ, ਪਰ ਅਸਲ ਠੰਢਕ ਅਤੇ ਫਾਇਦਾ ਕੁਦਰਤੀ ਚੀਜ਼ਾਂ ਤੋਂ ਹੀ ਮਿਲਦਾ ਹੈ। ਅਜਿਹੇ ਵਿੱਚ ਖਰਬੂਜਾ ਨਾਲ ਬਣੀ ‘ਖਰਬੂਜਾ ਲੱਸੀ’ ਇੱਕ ਵਧੀਆ ਤੇ ਸਿਹਤਮੰਦ ਵਿਕਲਪ ਹੈ, ਜੋ ਸਵਾਦ ਨਾਲ ਨਾਲ ਸਰੀਰ ਨੂੰ ਤਾਜ਼ਗੀ ਵੀ ਦਿੰਦੀ ਹੈ।
ਇਹ ਲੱਸੀ ਸਿਰਫ਼ ਸਵਾਦਿਸ਼ਟ ਹੀ ਨਹੀਂ, ਸਿਹਤ ਲਈ ਵੀ ਲਾਭਦਾਇਕ ਹੈ। ਖਰਬੂਜੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਗਰਮੀ ਵਿੱਚ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ। ਉੱਥੇ ਹੀ ਦਹੀਂ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਦੋਵੇਂ ਮਿਲ ਕੇ ਸਿਹਤ ਅਤੇ ਸਵਾਦ ਦਾ ਬੇਹਤਰੀਨ ਮੇਲ ਬਣਾਉਂਦੇ ਹਨ।
ਇਹ ਡਰਿੰਕ ਬੱਚਿਆਂ ਲਈ ਵੀ ਖਾਸ ਤੌਰ ‘ਤੇ ਫਾਇਦੇਮੰਦ ਹੈ। ਜੇ ਬੱਚੇ ਫਲ ਖਾਣ ਤੋਂ ਕਤਰਾਉਂਦੇ ਹਨ, ਤਾਂ ਇਹ ਮਿੱਠੀ, ਕ੍ਰੀਮੀ ਅਤੇ ਹਲਕੇ ਸੰਤਰੀ ਰੰਗ ਵਾਲੀ ਲੱਸੀ ਉਨ੍ਹਾਂ ਨੂੰ ਬੜੀ ਪਸੰਦ ਆਉਂਦੀ ਹੈ।
ਘਰ ਵਿੱਚ ਬਣਾਉਣ ਦੀ ਆਸਾਨ ਵਿਧੀ:
ਸਮੱਗਰੀ:
- ਖਰਬੂਜਾ (ਕੱਟਿਆ ਹੋਇਆ) – 1 ਕੱਪ
- ਤਾਜ਼ਾ ਦਹੀਂ – 1 ਕੱਪ
- ਚੀਨੀ ਜਾਂ ਸ਼ਹਿਦ – 2-3 ਚਮਚ
- ਇਲਾਇਚੀ ਪਾਊਡਰ – ਇੱਕ ਚੁਟਕੀ
- ਬਰਫ਼ – ਕੁਝ ਟੁਕੜੇ
- ਸਜਾਵਟ ਲਈ ਮੇਵੇ ਅਤੇ ਪੁਦੀਨਾ
ਤਰੀਕਾ:
ਸਭ ਤੋਂ ਪਹਿਲਾਂ ਖਰਬੂਜੇ ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿੱਚ ਕੱਟ ਲਓ। ਫਿਰ ਮਿਕਸਰ ਵਿੱਚ ਖਰਬੂਜਾ, ਦਹੀਂ, ਚੀਨੀ ਅਤੇ ਬਰਫ਼ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ ਜਦੋਂ ਤੱਕ ਇਹ ਕ੍ਰੀਮੀ ਨਾ ਹੋ ਜਾਵੇ। ਆਖ਼ਿਰ ਵਿੱਚ ਇਲਾਇਚੀ ਪਾਊਡਰ ਮਿਲਾ ਕੇ ਇੱਕ ਵਾਰ ਹੋਰ ਮਿਕਸ ਕਰੋ।
ਤਿਆਰ ਲੱਸੀ ਨੂੰ ਗਲਾਸ ਵਿੱਚ ਪਾ ਕੇ ਉੱਪਰੋਂ ਮੇਵੇ ਅਤੇ ਪੁਦੀਨੇ ਨਾਲ ਸਜਾ ਕੇ ਠੰਢੀ-ਠੰਢੀ ਸਰਵ ਕਰੋ। ਇਹ ਸਾਦੀ ਰੈਸਪੀ ਤੁਹਾਨੂੰ ਕੁਝ ਮਿੰਟਾਂ ਵਿੱਚ ਤਾਜ਼ਗੀ ਭਰ ਦੇਵੇਗੀ।














