ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
-ਪੀ.ਡੀ.ਏ. ਨੇ ਸਾਲ 2024 ’ਚ ਈ-ਆਕਸ਼ਨ ਰਾਹੀਂ 160 ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰਕੇ ਨਵਾਂ ਰਿਕਾਰਡ ਬਣਾਇਆ : ਮਨੀਸ਼ਾ ਰਾਣਾ
-ਕਿਹਾ, ਸਾਲ 2025 ਦੌਰਾਨ 200 ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰਨ ਦੀ ਯੋਜਨਾ
-ਅਰਬਨ ਅਸਟੇਟ ਦੇ ਕੂੜੇ ਪ੍ਰਬੰਧਨ ਲਈ 3.33 ਕਰੋੜ ਰੁਪਏ ਨਾਲ ਐਮ.ਆਰ.ਐਫ ਸੈਂਟਰ ਬਣਾਇਆ, ਪੁੱਡਾ ਇਨਕਲੇਵ-1 ’ਚ 86 ਲੱਖ ਨਾਲ ਤਿੰਨ ਪਾਰਕ ਵਿਕਸਤ ਕੀਤੇ
-ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਨੇ ਪੀ.ਡੀ.ਏ. ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮ ਲਈ ਕੀਤਾ ਧੰਨਵਾਦ
ਪਟਿਆਲਾ, 1 ਫਰਵਰੀ: Aj Di Awaaj
ਪਟਿਆਲਾ ਡਿਵੈਲਪਮੈਂਟ ਅਥਾਰਟੀ ਵੱਲੋਂ ਸਾਲ 2025 ਦੌਰਾਨ ਈ-ਆਕਸ਼ਨ ਰਾਹੀਂ 200 ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰਨ ਦੀ ਯੋਜਨਾ ਹੈ। ਸਾਲ 2024 ਦੌਰਾਨ ਪੀ.ਡੀ.ਏ. ਵੱਲੋਂ ਈ-ਆਕਸ਼ਨ ਰਾਹੀਂ 160 ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰਕੇ ਨਵਾਂ ਰਿਕਾਰਡ ਬਣਾਇਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਆਈ.ਏ.ਐਸ ਨੇ ਪਟਿਆਲਾ ਡਿਵੈਲਪਮੈਂਟ ਅਥਾਰਟੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਲਾ ਮਿਸਾਲ ਵਿਕਾਸ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ।
ਮਨੀਸ਼ਾ ਰਾਣਾ ਨੇ ਦੱਸਿਆ ਕਿ ਉਨ੍ਹਾਂ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਦਾ ਅਹੁਦਾ ਸੰਭਾਲਣ ਉਪਰੰਤ ਪੀ.ਡੀ.ਏ/ਪੁੱਡਾ ਦੀਆਂ ਗੈਰ ਨਿਯਮਤ ਤੇ ਖ਼ਾਲੀ ਪਈਆਂ ਚੰਕ ਸਾਈਟਾਂ, ਕਮਰਸ਼ੀਅਲ ਥਾਵਾਂ, ਰਿਜ਼ਰਵ ਸਥਾਨਾਂ ਦੀ ਪਹਿਚਾਣ ਕਰਨ ਲਈ ਪਲੈਨਿੰਗ ਵਿੰਗ, ਇੰਜੀਨੀਅਰ ਵਿੰਗ ਤੇ ਸੰਬਧਤ ਸਟਾਫ਼ ਨਾਲ ਮੀਟਿੰਗਾਂ ਕਰਕੇ ਸਾਈਟਾਂ ਨੂੰ ਫਿਜ਼ੀਬਲ ਕਰਵਾਇਆ ਤੇ ਸਾਲ 2024 ਦੇ ਸਤੰਬਰ ਅਤੇ ਅਕਤੂਬਰ ਮਹੀਨੇ ਵਿੱਚ ਕੀਤੀ ਈ-ਆਕਸ਼ਨ ਰਾਹੀਂ 160 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜੋ ਕਿ ਇੱਕ ਨਵਾਂ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਮਾਰਚ 2025 ਵਿੱਚ ਪੀ.ਡੀ.ਏ ਵੱਲੋਂ ਈ-ਆਕਸ਼ਨ ਰਾਹੀਂ 200 ਕਰੋੜ ਰੁਪਏ ਮਾਲੀਆ ਜੁਟਾਉਣ ਦੀ ਸੰਭਾਵਨਾ ਹੈ।
ਮੁੱਖ ਪ੍ਰਸ਼ਾਸਕ ਨੇ ਦੱਸਿਆ ਕਿ ਪਟਿਆਲਾ ਡਿਵੈਲਪਮੈਂਟ ਅਥਾਰਟੀ ਅਧੀਨ ਪਟਿਆਲਾ, ਨਾਭਾ, ਬਰਨਾਲਾ, ਮਲੇਰਕੋਟਲਾ, ਧੂਰੀ, ਅਮਲੋਹ, ਲਹਿਰਾ ਤੇ ਮੂਨਕ ਦਾ ਖੇਤਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਅਰਬਨ ਅਸਟੇਟ ਪੁੱਡਾ ਇਨਕਲੇਵ-1 ਅਤੇ ਹੋਰਨਾਂ ਸਥਾਨਾਂ ਦੇ ਚੱਲ ਰਹੇ ਮੁਕੱਦਮਿਆਂ ਨੂੰ ਹੱਲ ਕੀਤਾ ਗਿਆ ਹੈ, ਜਿਸ ਨਾਲ ਪੁੱਡਾ ਨੂੰ ਵਿੱਤੀ ਲਾਭ ਹੋਇਆ ਹੈ ਤੇ ਆਉਣ ਵਾਲੀ ਈ-ਆਕਸ਼ਨ ਵਿੱਚ ਇਨ੍ਹਾਂ ਸਾਈਟਾਂ ਨੂੰ ਵੇਚਣ ਨਾਲ ਮਾਲੀਆਂ ਹੋਰ ਵਧਣ ਦੀ ਸੰਭਾਵਨਾ ਹੈ।
ਉਨ੍ਹਾਂ ਮਾਡਲ ਟਾਊਨ ਨੇੜੇ ਵਿਕਸਤ ਹੋ ਰਹੀ ਪੁੱਡਾ ਦੀ 12 ਕੂਆਂ ਲਹਿਲ ਮੰਡਲ ਸਾਈਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਈਟ ਦੇ ਬਿਜਲੀ ਦੇ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਹੇ ਕੰਮ ਨੂੰ ਪੀ.ਐਸ.ਪੀ.ਸੀ.ਐਲ ਨਾਲ ਰਾਬਤਾ ਕਰਕੇ ਹੱਲ ਕਰ ਲਿਆ ਗਿਆ ਹੈ ਤੇ ਬਿਜਲੀ ਦਾ ਸਾਰਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਇਨ੍ਹਾਂ ਸਾਈਟਾਂ ਦੇ ਅਲਾਟੀਆਂ ਨੂੰ ਅਲਾਟਮੈਂਟ ਪੱਤਰ ਜਾਰੀ ਕੀਤੇ ਜਾ ਰਹੇ ਹਨ ਤੇ ਖ਼ਾਲੀ ਪਲਾਟਾਂ ਨੂੰ ਭਵਿੱਖ ਵਿੱਚ ਆਉਣ ਵਾਲੀ ਈ-ਆਕਸ਼ਨ ਵਿੱਚ ਲਗਾਇਆ ਜਾਵੇਗਾ।
ਮਨੀਸ਼ਾ ਰਾਣਾ ਨੇ ਦੱਸਿਆ ਕਿ ਪਟਿਆਲਾ ਦੇ ਅਰਬਨ ਅਸਟੇਟ ਫ਼ੇਜ਼ 1, 2, 3, ਅਤੇ 4 ਵਿੱਚ ਰਹਿ ਰਹੇ ਵਸਨੀਕਾਂ ਦੀ ਗਿੱਲੇ ਅਤੇ ਸੁੱਕੇ ਕੁੜੇ ਦੀ ਮੁਸ਼ਕਲ ਨੂੰ ਹੱਲ ਕਰਦਿਆਂ ਅਰਬਨ ਅਸਟੇਟ ਫ਼ੇਜ਼-4 ਵਿੱਚ 3.33 ਕਰੋੜ ਰੁਪਏ ਦੀ ਲਾਗਤ ਨਾਲ ਐਮ.ਆਰ.ਐਫ. ਸੈਂਟਰ ਦੀ ਉਸਾਰੀ ਕੀਤੀ ਗਈ ਹੈ ਅਤੇ 120 ਕੰਪੋਜ਼ਿਟ ਪਿੱਟ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁੱਡਾ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀ ਸਾਈਟ ਪੁੱਡਾ ਇਨਕਲੇਵ-1 ਐਨੀਮਲ ਹੱਸਬੈਂਡਰੀ ਸਾਈਟ ਵਿੱਚ ਵੀ ਪਿਛਲੇ ਸਮੇਂ ਦੌਰਾਨ 86 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਪਾਰਕ ਵਿਕਸਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਨ ਮਨੀਸ਼ਾ ਰਾਣਾ ਦੀ ਪਹਿਲਕਦਮੀ ਨਾਲ ਬੈਂਕ ਤੋਂ ਸੀ.ਐਸ.ਆਰ. ਨਾਲ ਅਰਬਨ ਅਸਟੇਟ ਫ਼ੇਜ਼-2 ਦੀ ਮਾਰਕਿਟ ਵਿੱਚ ਆਮ ਜਨਤਾ ਲਈ ਪਖਾਨਿਆਂ ਦੀ ਸਹੂਲਤ ਵੀ ਦਿੱਤੀ ਗਈ ਹੈ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀਆਂ ਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ ਹੈ।
ਡੱਬੀ ਲਈ ਪ੍ਰਸਤਾਵਿਤ
ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਨੇ ਪੀ.ਡੀ.ਏ. ਦੀਆਂ ਪਿਛਲੇ ਸਮੇਂ ਦੌਰਾਨ ਕੀਤੀਆਂ ਪਹਿਲਕਦਮੀਆਂ ਦਾ ਸਵਾਗਤ ਕੀਤਾ ਅਤੇ ਅਰਬਨ ਅਸਟੇਟ ਫ਼ੇਜ਼-2 (10 ਮਰਲਾ) ਦੇ ਪ੍ਰਧਾਨ ਰਣਜੀਤ ਸਿੰਘ ਨੇ ਉਚੇਚੇ ਤੌਰ ’ਤੇ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਫ਼ੇਜ਼-2 ਦੇ 10 ਮਰਲਾ ਪਲਾਟ ਦੀਆਂ ਸੜਕਾਂ ਤੇ ਜਨਤਕ ਪਖਾਨਿਆਂ ਦਾ ਰਿਕਾਰਡ ਸਮੇਂ ਵਿੱਚ ਨਿਰਮਾਣ ਕਰਨ ਵਿੱਚ ਪੀ.ਡੀ.ਏ. ਦੀ ਸਮੁੱਚੀ ਟੀਮ ਨੇ ਸ਼ਲਾਘਾਯੋਗ ਕੰਮ ਕੀਤਾ ਹੈ।
