ਅੱਜ ਦੀ ਆਵਾਜ਼ | 09 ਅਪ੍ਰੈਲ 2025
ਪੱਪਲਪ੍ਰੀਤ ਸਿੰਘ, ਜੋ ਕਿ ਅਮ੍ਰਿਤਪਾਲ ਸਿੰਘ ਦੇ ਨੇੜਲੇ ਸਹਿਯੋਗੀਆਂ ‘ਚੋਂ ਇੱਕ ਮੰਨਿਆ ਜਾਂਦਾ ਹੈ, ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਹੁਣ ਪੰਜਾਬ ਸਰਕਾਰ ਨੇ ਉਸਨੂੰ ਵੀ ਰਿਮਾਂਡ ‘ਤੇ ਪੰਜਾਬ ਲਿਆਉਣ ਦਾ ਫੈਸਲਾ ਕੀਤਾ ਹੈ। ਅਜਨਾਲਾ ਪੁਲਿਸ ਟੀਮ ਪੱਪਲਪ੍ਰੀਤ ਨੂੰ ਲਿਆਉਣ ਲਈ ਤਿਆਰੀ ਕਰ ਰਹੀ ਹੈ। ਅਦਾਲਤੀ ਕਾਰਵਾਈ ਮੁਤਾਬਕ, ਉਸਨੂੰ ਅਜਨਾਲਾ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ।
ਅਜਨਾਲਾ ਹਿੰਸਾ ਮਾਮਲਾ – ਪਿੱਛੋਕੜ 15 ਫਰਵਰੀ 2023 ਨੂੰ ਅਜਨਾਲਾ ‘ਚ ਇਕ ਨੌਜਵਾਨ ਬਰਿੰਦਰ ਸਿੰਘ ਦੀ ਕੁੱਟਮਾਰ ਹੋਈ। ਬਰਿੰਦਰ ਨੇ ਦਾਅਵਾ ਕੀਤਾ ਕਿ ਉਸਨੂੰ ਅਗਵਾ ਕੀਤਾ ਗਿਆ ਤੇ ਜੰਡਿਆਲਾ ਗੁਰੂ ਨੇੜੇ ਕੁੱਟਿਆ ਗਿਆ। ਅਮ੍ਰਿਤਪਾਲ ਸਿੰਘ ਵੀ ਉਸ ਸਮੇਂ ਮੌਕੇ ‘ਤੇ ਮੌਜੂਦ ਸੀ। ਨੌਜਵਾਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਮ੍ਰਿਤਪਾਲ ਅਤੇ ਉਸਦੇ ਸਹਿਯੋਗੀਆਂ ‘ਤੇ ਕੇਸ ਦਰਜ ਕੀਤਾ। ਇਸ ਮਾਮਲੇ ‘ਚ ਅਮ੍ਰਿਤਪਾਲ ਨੇ ਗ੍ਰਿਫਤਾਰੀ ਦੇ ਐਲਾਨ ਦੇ ਨਾਲ ਅਜਨਾਲਾ ਥਾਣੇ ਦੇ ਬਾਹਰ ਵੱਡਾ ਰੋਸ ਪ੍ਰਦਰਸ਼ਨ ਕੀਤਾ। ਹਮਲਾਵਰ ਤਲਵਾਰਾਂ ਤੇ ਹਥਿਆਰਾਂ ਨਾਲ ਥਾਣੇ ਆਏ ਅਤੇ ਨਾਲ਼ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬੀੜ ਵੀ ਲੈ ਆਏ, ਜਿਸ ਕਾਰਨ ਪੁਲਿਸ ਨੇ ਹਿੰਸਾ ਤੋਂ ਬਚਣ ਲਈ ਪਿੱਛੇ ਹਟਣ ਦਾ ਫੈਸਲਾ ਕੀਤਾ।
ਅੰਮ੍ਰਿਤਪਾਲ ਦੇ ਹੋਰ ਸਾਥੀ ਵੀ ਲਿਆਏ ਗਏ ਪੰਜਾਬ ਇਸ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਦੇ ਹੋਰ ਸਾਥੀਆਂ ਨੂੰ ਵੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾ ਚੁੱਕਾ ਹੈ। ਪੱਪਲਪ੍ਰੀਤ ਸਿੰਘ, ਵਰਿੰਦਰ ਸਿੰਘ ਤੇ ਹੋਰ ਸਹਿਯੋਗੀਆਂ ‘ਤੇ ਅਜਨਾਲਾ ਹਿੰਸਾ ‘ਚ ਸ਼ਾਮਲ ਹੋਣ ਦੇ ਦੋਸ਼ ਹਨ।
ਹੁਣ ਪੱਪਲਪ੍ਰੀਤ ਸਿੰਘ ਦੀ ਅਜਨਾਲਾ ਕੋਰਟ ‘ਚ ਪੇਸ਼ੀ ਅਤੇ ਪੁਲਿਸ ਰਿਮਾਂਡ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
