ਬਰਨਾਲਾ, 24 ਸਤੰਬਰ 2026 AJ DI Awaaj
Punjab Desk : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਯਤਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਹਰਜਿੰਦਰ ਸਿੰਘ ਬੇਦੀ ਦੀ ਅਗਵਾਈ ਹੇਠ ਅੱਜ ਬਰਨਾਲੇ ਜ਼ਿਲ੍ਹੇ ਦੇ ਨਾਨ-ਮੈਡੀਕਲ ਸਟ੍ਰੀਮ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸਹਿਯੋਗ ਨਾਲ ਇੱਕ ਆਨਲਾਈਨ ਕਰੀਅਰ ਗਾਈਡੈਂਸ ਸੈਸ਼ਨ ਆਯੋਜਿਤ ਕੀਤਾ ਗਿਆ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਇਸ ਸੈਸ਼ਨ ਦਾ ਮੁੱਖ ਮਕਸਦ ਆਈ.ਆਈ.ਟੀ. ਜੇ.ਈ.ਈ. (IIT JEE) ਪ੍ਰੀਖਿਆ ਬਾਰੇ ਵਿਸਥਾਰ ਵਿੱਚ ਗੱਲ ਕਰਨਾ ਸੀ , ਜੋ ਕਿ 2 ਪੜਾਵਾਂ – ਜੇ.ਈ.ਈ. ਮੇਨ (JEE Main) ਅਤੇ ਜੇ.ਈ.ਈ. ਐਡਵਾਂਸਡ (JEE Advanced) ਵਿੱਚ ਲਈ ਜਾਂਦੀ ਹੈ। ਆਈ.ਆਈ.ਟੀ. (IITs) ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਵਰਗੇ ਨਾਮਵਰ ਅਦਾਰਿਆਂ ਵਿੱਚ ਬੀ.ਟੈਕ (B.Tech) ਦੀ ਡਿਗਰੀ ਲਈ ਦਾਖਲਾ ਪ੍ਰਾਪਤ ਕਰਨ ਵਾਸਤੇ ਇਹ ਪ੍ਰੀਖਿਆ ਜ਼ਰੂਰੀ ਹੈ। ਇਸ ਸੈਸ਼ਨ ਦਾ ਉਦੇਸ਼ ਇਹ ਸੀ ਕਿ ਵਿਦਿਆਰਥੀ ਇਹ ਸਿੱਖਣ ਕਿ ਇਸ ਪ੍ਰੀਖਿਆ ਲਈ ਤਿਆਰੀ ਕਿਵੇਂ ਕਰਨ ਅਤੇ ਆਪਣੀ ਤਿਆਰੀ ਦੀ ਰਣਨੀਤੀ ਨਾਲ ਜੁੜੇ ਸ਼ੰਕਿਆਂ ਅਤੇ ਸਵਾਲਾਂ ਦਾ ਹੱਲ ਲੱਭ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪ੍ਰੋਫੈਸਰ ਜੇ.ਡੀ. ਸ਼ਰਮਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ।ਇਸ ਦੇ ਨਾਲ ਹੀ ਨਾਲ ਪੀ.ਈ.ਸੀ. (PEC) ਦੇ 2 ਵਿਦਿਆਰਥੀ – ਮਾਨਿਤ ਗਰੋਵਰ ਅਤੇ ਕੇਸ਼ਵ ਬਹਿਲ ਵੀ ਜੁੜੇ ਸਨ ਜਿਨ੍ਹਾਂ ਨੇ ਆਪਣੀ ਜੇ.ਈ.ਈ. ਤਿਆਰੀ ਦੇ ਸਫ਼ਰ ਦੇ ਤਜਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਤਿਆਰੀ ਕਰਨ ਦੀ ਸਹੀ ਵਿਧੀ ਬਾਰੇ ਜਾਣਕਾਰੀ ਦਿੱਤੀ।
ਇਸ ਸੈਸ਼ਨ ਵਿੱਚ ਕੁੱਲ 15 ਸਕੂਲਾਂ ਅਤੇ ਲਗਭਗ 500 ਵਿਦਿਆਰਥੀਆਂ ਨੇ ਹਿੱਸਾ ਲਿਆ। ਅੰਤ ਵਿੱਚ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਨਵਜੋਤ ਕੌਰ ਸੰਧੂ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਗੌਰਵ ਕੁਮਾਰ ਬੀ ਟੀ ਐਮ ਅਤੇ ਸਮੂਹ ਟੀਮ ਦਾ ਧੰਨਵਾਦ ਕੀਤਾ।



















