ਸੰਗਰੂਰ ਵੱਲੋਂ ਤਰਬੂਜ਼ ਦੀ ਨਵੀਂ ਕਿਸਮ

21

ਸੰਗਰੂਰ, 08 ਜੂਨ 2026 AJ DI Awaaj

Punjab Desk :  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸ. ਕਰਨੈਲ ਸਿੰਘ, ਪਿੰਡ ਖੇੜੀ, ਜ਼ਿਲ੍ਹਾ ਸੰਗਰੂਰ ਦੇ ਖੇਤ ਵਿੱਚ ਤਰਬੂਜ਼ ਦੀ ਨਵੀਂ ਕਿਸਮ “ਪੰਜਾਬ ਮਿਠਾਸ” ਨੂੰ ਪ੍ਰੋਤਸ਼ਾਹਿਤ ਕਰਨ ਲਈ ਖੇਤ ਦਿਵਸ ਮਨਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 50 ਤੋਂ ਵੱਧ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਭਾਗ ਲਿਆ।

ਡਾ. ਮਨਦੀਪ ਸਿੰਘ, ਇੰਚਾਰਜ, ਕੇ.ਵੀ.ਕੇ., ਸੰਗਰੂਰ ਦੀ ਰਹਿਨੁਮਾਈ ਹੇਠ ਮਨਾਏ ਗਏ ਇਸ ਖੇਤ ਦਿਵਸ ਦਾ ਮੁੱਖ ਮਕਸਦ ਫ਼ਸਲੀ-ਵਿਭਿੰਨਤਾ ਵਿੱਚ ਸਬਜ਼ੀਆਂ ਦੇ ਯੋਗਦਾਨ ਦੇ ਨਾਲ-ਨਾਲ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਅਤੇ ਉਤਪਾਦਨ ਦੇ ਨਵੇਂ ਢੰਗਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਸੀ।

ਖੇਤ ਦਿਵਸ ਦੌਰਾਨ ਡਾ. ਮਨਦੀਪ ਸਿੰਘ, ਇੰਚਾਰਜ, ਕੇ.ਵੀ.ਕੇ.,ਖੇੜੀ ਨੇ ਕਿਸਾਨਾਂ ਨੂੰ ਫ਼ਸਲੀ-ਵਿਭਿੰਨਤਾ ਵਿੱਚ ਸਬਜ਼ੀਆਂ ਦੇ ਯੋਗਦਾਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਤਰਬੂਜ਼ ਦੀ ਨਵੀਂ ਕਿਸਮ “ਪੰਜਾਬ ਮਿਠਾਸ” ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਸਮ ਦਾ ਬੀਜ ਕਿਸਾਨ ਖੁਦ ਤਿਆਰ ਕਰ ਸਕਦੇ ਹਨ ਅਤੇ ਇਸ ਦਾ ਬੀਜ ਪ੍ਰਾਈਵੇਟ ਕੰਪਨੀਆਂ ਦੀਆਂ ਤਰਬੂਜ਼ ਦੀਆਂ ਕਿਸਮਾਂ ਨਾਲੋਂ ਸਸਤਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬਾਗਬਾਨੀ ਦੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਬਾਗਬਾਨੀ ਫ਼ਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਸਬਜ਼ੀਆਂ ਦੀ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਉੱਤੇ ਵੀ ਜ਼ੋਰ ਦਿੱਤਾ।

ਡਾ. ਰਵਿੰਦਰ ਕੌਰ, ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਨੇ ਇਸ ਕਿਸਮ ਦੀ ਕਾਸ਼ਤ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਕਿਸਮ ਫਰਵਰੀ ਦੇ ਦੂਸਰੇ ਪੰਦਰਵਾੜੇ ਵਿੱਚ ਬੀਜ ਕੇ 99 ਦਿਨਾਂ ਵਿੱਚ ਪਹਿਲੀ ਤੁੜਾਈ ਦਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਦੇ ਫ਼ਲ ਦਰਮਿਆਨੇ ਆਕਾਰ (3-3.5 ਕਿਲੋ) ਅਤੇ ਫਲ ਦਾ ਗੁੱਦਾ ਗੂੜਾ ਲਾਲ, ਘੱਟ ਬੀਜ ਵਾਲਾ (ਲੱਗਭਗ 300 ਬੀਜ ਪ੍ਰਤੀ ਫਲ) ਹੁੰਦਾ ਹੈ। ਇਹ ਕਿਸਮ ਸੁਆਦ, ਗੁਣਵੱਤਾ ਅਤੇ ਮਿਠਾਸ ਵਰਗੇ ਗੁਣਾਂ ਨਾਲ ਭਰਪੂਰ ਹੈ ਅਤੇ ਫਲ ਦੀ ਮੋਟੀ ਛਿੱਲ ਹੋਣ ਕਰਕੇ ਦੂਰ ਦੀਆਂ ਮੰਡੀਆਂ ਵਿੱਚ ਅਸਾਨੀ ਨਾਲ ਭੇਜਿਆ ਜਾ ਸਕਦਾ ਹੈ। ਇਸ ਦਾ ਔਸਤ ਝਾੜ ਲੱਗਭਗ 179 ਕੁਇੰਟਲ ਪ੍ਰਤੀ ਏਕੜ ਹੈ।

ਡਾ. ਵਿਤਾਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਕਿਸਾਨਾਂ ਨੂੰ ਤਰਬੂਜ਼ ਦੇ ਫਲ ਦੇ ਖੁਰਾਕੀ ਤੱਤ ਅਤੇ ਇਸ ਤੋਂ ਤਿਆਰ ਕੀਤੇ ਜਾਣ ਵਾਲੇ ਪਦਾਰਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਪ੍ਰਸ਼ਨ-ਕਾਲ ਦੌਰਾਨ ਕਿਸਾਨਾਂ ਨੇ ਮਾਹਿਰਾਂ ਤੋਂ ਕਈ ਤਰ੍ਹਾਂ ਦੇ ਸੁਆਲ ਪੁੱਛੇ। ਜਿਨ੍ਹਾਂ ਦੇ ਵਿਗਿਆਨਕ ਤਰੀਕੇ ਨਾਲ ਤਸੱਲੀਬਖਸ਼ ਜਵਾਬ ਦਿੱਤੇ ਗਏ।
ਅੰਤ ਵਿੱਚ ਕਿਸਾਨਾਂ ਨੂੰ ਤਰਬੂਜ਼ ਦੀ ਨਵੀ ਕਿਸਮ “ਪੰਜਾਬ ਮਿਠਾਸ” ਦੇ ਖੇਤ ਦਾ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਇਸ ਕਿਸਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਖੁੱਲ ਕੇ ਵਿਚਾਰ-ਚਰਚਾ ਕੀਤੀ ਅਤੇ ਇਸ ਦਾ ਸਵਾਦ ਚੱਖਿਆ।