ਡੇਰਾ ਬਾਬਾ ਨਾਨਕ/ਗੁਰਦਾਸਪੁਰ, 20 ਜੂਨ 2025 Aj Di Awaaj
Punjab Desk : ਪੰਜਾਬ ਸਰਕਾਰ ਦੇ ਈ-ਗਵਰਨੈਂਸ ਵਿਭਾਗ ਵੱਲੋਂ ਸੇਵਾ ਕੇਂਦਰਾਂ ਵਿੱਚ ਮਾਲ ਵਿਭਾਗ ਦੀਆਂ ਛੇ ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਈ-ਗਵਰਨੈਂਸ ਵਿੱਚ ਲਗਾਤਾਰ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਵੱਲੋਂ ਦਿੱਤੀ ਜਾਣ ਵਾਲੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਨੇ ਮਾਲ ਵਿਭਾਗ ਸਬੰਧੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਦੀਆਂ ਛੇ ਨਵੀਆਂ ਸੇਵਾਵਾਂ ਸੇਵਾ ਕੇਂਦਰ ਰਾਹੀਂ ਲਈ ਜਾ ਸਕਦੀਆਂ ਹਨ। ਹੁਣ ਡਿਜੀਟਲ ਫ਼ਰਦ ਸੇਵਾ ਕੇਂਦਰਾਂ ਵਿੱਚੋਂ ਲਈ ਜਾ ਸਕਦੀ ਹੈ ਅਤੇ ਇਹ ਫ਼ਰਦ ਬਿਨੈਕਰਤਾ ਦੇ ਫ਼ੋਨ ‘ਤੇ ਵਟਸਐਪ ਨੰਬਰ ‘ਤੇ ਵੀ ਭੇਜੀ ਜਾਵੇਗੀ।
ਇਸੇ ਤਰ੍ਹਾਂ ਦੂਜੀ ਸੇਵਾ ਵਿੱਚ ਵਿਰਾਸਤੀ ਇੰਤਕਾਲ ਲਈ ਸੇਵਾ ਕੇਂਦਰ ਵਿੱਚ ਅਰਜ਼ੀ ਦਿੱਤੀ ਜਾ ਸਕਦੀ ਹੈ, ਤੀਜੀ ਸੇਵਾ ਵਿੱਚ ਰਜਿਸਟਰਡ ਵਸੀਕੇ ਦੇ ਆਧਾਰ ਇੰਤਕਾਲ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ, ਚੌਥੀ ਸੇਵਾ ਵਿੱਚ ਫ਼ਰਦ ਬਦਰ ਦੀ ਐਂਟਰੀ ਕਰਵਾਈ ਜਾ ਸਕਦੀ ਹੈ, ਜਿਸ ਵਿੱਚ ਫ਼ਰਦ ਦੇ ਰਿਕਾਰਡ ਵਿੱਚ ਦਰੁਸਤੀ ਕਰਵਾਈ ਜਾ ਸਕਦੀ ਹੈ।
ਇਸੇ ਤਰ੍ਹਾਂ ਪੰਜਵੀਂ ਸੇਵਾ ਵਿੱਚ ਰਪਟ ਦੀ ਐਂਟਰੀ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ ਜਿਸ ਦੀ ਲੋਨ ਅਤੇ ਕੋਰਟ ਕੇਸਾਂ ਸਬੰਧੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਛੇਵੀਂ ਸੇਵਾ ਵਿੱਚ ਸਬਸਕ੍ਰਿਪਸ਼ਨ ਦੀ ਨਵੀਂ ਸਰਵਿਸ ਦਿੱਤੀ ਗਈ ਹੈ ਜਿਸ ਵਿੱਚ ਬਿਨੈਕਰਤਾ ਆਪਣਾ ਜ਼ਮੀਨ ਦਾ ਖਾਤਾ ਇੰਟਰ ਕਰਵਾ ਕੇ ਉਸਨੂੰ ਸਕਿਉਰ ਕਰ ਸਕਦਾ ਹੈ ਕਿਉਂਕਿ ਇਸ ਨਾਲ ਬਿਨੈਕਰਤਾ ਦੇ ਤੁਹਾਡੇ ਫ਼ੋਨ ‘ਤੇ ਵਟਸਐਪ ਮੈਸੇਜ ਅਤੇ ਈਮੇਲ ਆਵੇਗੀ ਜੇ ਕੋਈ ਵੀ ਉਨ੍ਹਾਂ ਦੀ ਜ਼ਮੀਨ ਦੇ ਇਸ ਖਾਤੇ ਨਾਲ ਛੇੜਛਾੜ ਕਰਦਾ ਹੈ – ਭਾਵ ਕੋਈ ਟ੍ਰਾਂਜੈਕਸਨ ਕਰਦਾ ਹੈ ਤਾਂ ਉਸ ਬਾਰੇ ਪਤਾ ਲੱਗ ਜਾਵੇਗਾ। ਇਸ ਤਰ੍ਹਾਂ ਲੋਕ ਕਿਤੇ ਵੀ ਬੈਠੇ ਅੱਪਡੇਟ ਪ੍ਰਾਪਤ ਕਰ ਸਕਦੇ ਹਨ।
ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਇੰਨਾਂ ਸੇਵਾਵਾਂ ਨੂੰ ਘਰ ਬੈਠੇ ਹੀ ਲੈਣ ਲਈ 1076 ਨੰਬਰ ਡਾਇਲ ਕਰ ਸਕਦੇ ਹਾਂ, ਜਿਸ ਤੋਂ ਬਾਅਦ ਲੋਕ ਆਪਣੇ ਟਾਈਮ ਦੇ ਹਿਸਾਬ ਨਾਲ ਦੱਸ ਕੇ ਘਰੋਂ ਬੈਠੇ ਹੀ ਇੰਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਜਿਸ ਦੀ ਵਾਧੂ ਫ਼ੀਸ ਸਿਰਫ਼ 50 ਰੁਪਏ ਰੱਖੀ ਗਈ ਹੈ।
