ਪੈਨਕ੍ਰੀਆਟਿਕ ਕੈਂਸਰ ਦੇ ਇਲਾਜ ਵਿੱਚ ਨਵੀਂ ਉਮੀਦ, ਨਵੀਂ ਦਵਾਈ ਨੇ ਕੀਮੋਥੈਰੇਪੀ ਨਾਲੋਂ ਦਿਖਾਇਆ ਬਿਹਤਰ ਨਤੀਜਾ

5

2 June 2026 Aj Di Awaaj

Health Desk:  ਪੈਨਕ੍ਰੀਆਟਿਕ ਕੈਂਸਰ ਨੂੰ ਦੁਨੀਆ ਦੇ ਸਭ ਤੋਂ ਘਾਤਕ ਕੈਂਸਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਪਰ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਖੋਜ ਨੇ ਇਸ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਨਵੀਂ ਉਮੀਦ ਜਗਾਈ ਹੈ। ਖੋਜਕਾਰਾਂ ਅਨੁਸਾਰ ਇੱਕ ਨਵੀਂ ਪ੍ਰਯੋਗਾਤਮਕ ਦਵਾਈ ਨੇ ਐਡਵਾਂਸਡ ਪੈਨਕ੍ਰੀਆਟਿਕ ਕੈਂਸਰ ਦੇ ਮਰੀਜ਼ਾਂ ਵਿੱਚ ਕੀਮੋਥੈਰੇਪੀ ਦੇ ਮੁਕਾਬਲੇ ਕਾਫ਼ੀ ਬਿਹਤਰ ਨਤੀਜੇ ਦਿੱਤੇ ਹਨ।

ਖੋਜ ਵਿੱਚ ਵਰਤੀ ਗਈ ਇਸ ਨਵੀਂ ਟੈਬਲੇਟ ਦਾ ਨਾਮ ਡੈਰਾਕਸੋਨਰਾਸਿਬ (Daraxonrasib) ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦਵਾਈ ਕੈਂਸਰ ਨੂੰ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਕਰਦੀ, ਪਰ ਬਿਮਾਰੀ ਦੀ ਰਫ਼ਤਾਰ ਨੂੰ ਘਟਾਉਣ ਅਤੇ ਮਰੀਜ਼ਾਂ ਦੀ ਜ਼ਿੰਦਗੀ ਲੰਬੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।

ਵਿਗਿਆਨੀਆਂ ਮੁਤਾਬਕ ਪੈਨਕ੍ਰੀਆਟਿਕ ਕੈਂਸਰ ਦੇ 90 ਫੀਸਦੀ ਤੋਂ ਵੱਧ ਮਾਮਲਿਆਂ ਵਿੱਚ ਇੱਕ ਮਿਊਟੇਟਿਡ ਪ੍ਰੋਟੀਨ ਟਿਊਮਰ ਦੇ ਵਾਧੇ ਲਈ ਜ਼ਿੰਮੇਵਾਰ ਹੁੰਦਾ ਹੈ। ਕਈ ਦਹਾਕਿਆਂ ਤੋਂ ਖੋਜਕਾਰ ਇਸ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡੈਰਾਕਸੋਨਰਾਸਿਬ ਇਸੇ ਪ੍ਰੋਟੀਨ ਨੂੰ ਬਲਾਕ ਕਰਕੇ ਕੈਂਸਰ ਦੀ ਵਾਧੀ ਨੂੰ ਰੋਕਣ ਦਾ ਕੰਮ ਕਰਦੀ ਹੈ।

ਇਹ ਅਧਿਐਨ 500 ਅਜਿਹੇ ਮਰੀਜ਼ਾਂ ‘ਤੇ ਕੀਤਾ ਗਿਆ ਜਿਨ੍ਹਾਂ ਦਾ ਕੈਂਸਰ ਸਰੀਰ ਦੇ ਹੋਰ ਹਿੱਸਿਆਂ ਤੱਕ ਫੈਲ ਚੁੱਕਾ ਸੀ ਅਤੇ ਜਿਨ੍ਹਾਂ ‘ਤੇ ਪਹਿਲਾਂ ਦੇ ਇਲਾਜ ਪ੍ਰਭਾਵਸ਼ਾਲੀ ਨਹੀਂ ਰਹੇ ਸਨ। ਮਰੀਜ਼ਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਵਿੱਚੋਂ ਇੱਕ ਨੂੰ ਨਵੀਂ ਦਵਾਈ ਅਤੇ ਦੂਜੇ ਨੂੰ ਰਵਾਇਤੀ ਕੀਮੋਥੈਰੇਪੀ ਦਿੱਤੀ ਗਈ।

ਅਧਿਐਨ ਦੇ ਨਤੀਜਿਆਂ ਅਨੁਸਾਰ ਡੈਰਾਕਸੋਨਰਾਸਿਬ ਲੈਣ ਵਾਲੇ ਮਰੀਜ਼ ਔਸਤਨ 13.2 ਮਹੀਨੇ ਤੱਕ ਜੀਵਿਤ ਰਹੇ, ਜਦਕਿ ਕੀਮੋਥੈਰੇਪੀ ਲੈਣ ਵਾਲੇ ਮਰੀਜ਼ਾਂ ਦੀ ਔਸਤ ਉਮਰ 6.7 ਮਹੀਨੇ ਰਹੀ। ਇਸ ਤਰ੍ਹਾਂ ਨਵੀਂ ਦਵਾਈ ਨੇ ਜੀਵਨ ਕਾਲ ਨੂੰ ਲਗਭਗ ਦੁੱਗਣਾ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਤੋਂ ਇਲਾਵਾ, ਇਸ ਦੇ ਸਾਈਡ ਇਫੈਕਟ ਵੀ ਕੀਮੋਥੈਰੇਪੀ ਨਾਲੋਂ ਘੱਟ ਪਾਏ ਗਏ।

ਖੋਜਕਾਰਾਂ ਨੇ ਇਹ ਵੀ ਪਾਇਆ ਕਿ ਦਵਾਈ ਦੀ ਵਰਤੋਂ ਨਾਲ ਕਈ ਮਰੀਜ਼ਾਂ ਦੇ ਟਿਊਮਰ ਦਾ ਆਕਾਰ ਘੱਟ ਹੋਇਆ, ਜਿਸ ਨਾਲ ਦਰਦ ਵਿੱਚ ਰਾਹਤ ਮਿਲੀ ਅਤੇ ਉਨ੍ਹਾਂ ਦੀ ਜੀਵਨ ਗੁਣਵੱਤਾ ਵਿੱਚ ਸੁਧਾਰ ਆਇਆ। ਹਾਲਾਂਕਿ ਸਮੇਂ ਦੇ ਨਾਲ ਦਵਾਈ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਸਕਦਾ ਹੈ, ਫਿਰ ਵੀ ਮਰੀਜ਼ਾਂ ਨੇ ਇਸ ਦਾ ਲਾਭ ਕੀਮੋਥੈਰੇਪੀ ਨਾਲੋਂ ਲੰਬੇ ਸਮੇਂ ਤੱਕ ਲਿਆ।

ਮਾਹਿਰ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਕੀ ਇਸ ਦਵਾਈ ਨੂੰ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਵਰਤ ਕੇ ਸਰਜਰੀ ਦੇ ਮੌਕੇ ਵਧਾਏ ਜਾ ਸਕਦੇ ਹਨ। ਹਾਲਾਂਕਿ ਕੁਝ ਮਰੀਜ਼ਾਂ ਵਿੱਚ ਚਮੜੀ ‘ਤੇ ਰੈਸ਼ ਅਤੇ ਮੂੰਹ ਵਿੱਚ ਛਾਲਿਆਂ ਵਰਗੇ ਸਾਈਡ ਇਫੈਕਟ ਵੀ ਦੇਖੇ ਗਏ ਹਨ।

ਖੋਜਕਾਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਪੜਾਅ ਦੇ ਟਰਾਇਲ ਵੀ ਸਫਲ ਰਹੇ ਤਾਂ ਇਹ ਦਵਾਈ ਭਵਿੱਖ ਵਿੱਚ ਪੈਨਕ੍ਰੀਆਟਿਕ ਕੈਂਸਰ ਦੇ ਇਲਾਜ ਦਾ ਇੱਕ ਨਵਾਂ ਮਾਪਦੰਡ ਬਣ ਸਕਦੀ ਹੈ।