NEET PG Counselling 2025: ਕਾਉਂਸਲਿੰਗ ਸ਼ਡਿਊਲ ਵਿੱਚ ਫਿਰ ਤਬਦੀਲੀ, ਦੂਜੇ ਰਾਊਂਡ ਦੀ ਰਜਿਸਟ੍ਰੇਸ਼ਨ 5 ਦਸੰਬਰ ਤੋਂ ਸ਼ੁਰੂ

13
NEET PG Counselling 2025: ਕਾਉਂਸਲਿੰਗ ਸ਼ਡਿਊਲ ਵਿੱਚ ਫਿਰ ਤਬਦੀਲੀ, ਦੂਜੇ ਰਾਊਂਡ ਦੀ ਰਜਿਸਟ੍ਰੇਸ਼ਨ 5 ਦਸੰਬਰ ਤੋਂ ਸ਼ੁਰੂ

26 ਨਵੰਬਰ, 2025 ਅਜ ਦੀ ਆਵਾਜ਼

Education Desk: ਮੈਡੀਕਲ ਕਾਉਂਸਲਿੰਗ ਕਮੇਟੀ (MCC) ਨੇ NEET PG ਕਾਉਂਸਲਿੰਗ 2025 ਦੇ ਸ਼ਡਿਊਲ ਵਿੱਚ ਇੱਕ ਵਾਰ ਫਿਰ ਤਬਦੀਲੀ ਕਰ ਦਿੱਤੀ ਹੈ। MCC ਵੱਲੋਂ ਜਾਰੀ ਸੋਧੇ ਹੋਏ ਸ਼ਡਿਊਲ ਅਨੁਸਾਰ, ਰਾਊਂਡ 1 ਦੀ ਪ੍ਰਕਿਰਿਆ 1 ਦਸੰਬਰ ਨੂੰ ਖਤਮ ਹੋਵੇਗੀ, ਜਿਸ ਤੋਂ ਬਾਅਦ ਦੂਜੇ ਰਾਊਂਡ ਲਈ ਰਜਿਸਟ੍ਰੇਸ਼ਨ ਹੁਣ 5 ਦਸੰਬਰ ਤੋਂ ਸ਼ੁਰੂ ਹੋਵੇਗੀ। ਉਮੀਦਵਾਰ 6 ਤੋਂ 9 ਦਸੰਬਰ ਤੱਕ ਆਪਣੀਆਂ ਚੋਣਾਂ ਭਰ ਕੇ ਲਾਕ ਕਰ ਸਕਣਗੇ, ਜਦਕਿ ਰਾਊਂਡ 2 ਦੀ ਸੀਟ ਪ੍ਰੋਸੈਸਿੰਗ 10 ਅਤੇ 11 ਦਸੰਬਰ ਨੂੰ ਕੀਤੀ ਜਾਵੇਗੀ। ਦੂਜੇ ਦੌਰ ਦੇ ਨਤੀਜੇ 12 ਦਸੰਬਰ ਨੂੰ ਜਾਰੀ ਕੀਤੇ ਜਾਣਗੇ, ਅਤੇ ਅਲਾਟ ਕੀਤੀਆਂ ਸੀਟਾਂ ਲਈ ਰਿਪੋਰਟਿੰਗ 13 ਤੋਂ 21 ਦਸੰਬਰ ਤੱਕ ਕਰਨੀ ਹੋਵੇਗੀ।

MCC ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਰਾਊਂਡ 1 ਵਿੱਚ ਸੀਟ ਮਿਲੀ ਹੈ ਪਰ ਉਹਨਾਂ ਨੇ ਅਜੇ ਤੱਕ ਕਾਲਜ ਵਿੱਚ ਰਿਪੋਰਟ ਨਹੀਂ ਕੀਤਾ, ਉਹ 1 ਦਸੰਬਰ ਤੱਕ ਆਪਣੀ ਦਾਖਲਾ ਪ੍ਰਕਿਰਿਆ ਪੂਰੀ ਕਰ ਲੈਣ। ਦੂਜੇ ਦੌਰ ਵਿੱਚ ਸ਼ਾਮਲ ਹੋਣ ਲਈ, ਉਮੀਦਵਾਰਾਂ ਨੂੰ MCC ਦੀ ਅਧਿਕਾਰਤ ਵੈੱਬਸਾਈਟ mcc.nic.in ‘ਤੇ ਜਾ ਕੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ, ਫਾਰਮ ਭਰਨਾ, ਫੀਸ ਜਮ੍ਹਾਂ ਕਰਨੀ ਅਤੇ ਚੋਣਾਂ ਸੇਵ ਕਰਕੇ ਲਾਕ ਕਰਣੀਆਂ ਹੋਣਗੀਆਂ।

ਸੋਧੇ ਸ਼ਡਿਊਲ ਅਨੁਸਾਰ, ਰਾਊਂਡ 2 ਤੋਂ ਬਾਅਦ ਤੀਜਾ ਦੌਰ 26 ਦਸੰਬਰ ਤੋਂ 13 ਜਨਵਰੀ 2026 ਤੱਕ ਹੋਵੇਗਾ, ਜਦਕਿ ਸਟਰੇ ਵੈਕੈਂਸੀ ਰਾਊਂਡ 15 ਜਨਵਰੀ ਤੋਂ 31 ਜਨਵਰੀ 2026 ਤੱਕ ਕਰਵਾਇਆ ਜਾਵੇਗਾ। ਉਮੀਦਵਾਰ MCC ਦੀ ਵੈੱਬਸਾਈਟ ਤੋਂ ਸੋਧਿਆ ਕਾਉਂਸਲਿੰਗ ਸ਼ਡਿਊਲ PDF ਰੂਪ ਵਿੱਚ ਡਾਊਨਲੋਡ ਕਰ ਸਕਦੇ ਹਨ।