Punjab 03 Feb 2026 AJ DI Awaaj
Punjab Desk : ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨ ’ਤੇ ਤਿੱਖਾ ਜਵਾਬੀ ਹਮਲਾ ਕੀਤਾ ਹੈ। ਦੋਹਾਂ ਧਿਰਾਂ ਵਿਚਾਲੇ ਬਿਆਨਬਾਜ਼ੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰਾਜਾ ਵੜਿੰਗ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਮਾਨਸਿਕ ਬਿਮਾਰ ਕਹੇ ਜਾਣ ਮਗਰੋਂ ਹੁਣ ਮੈਡਮ ਸਿੱਧੂ ਨੇ ਖੁੱਲ੍ਹੇਆਮ ਪਲਟਵਾਰ ਕੀਤਾ ਹੈ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਇੱਕ ਡਾਕਟਰ ਹਨ ਅਤੇ ਮਾਨਸਿਕ ਬਿਮਾਰੀ ਉਨ੍ਹਾਂ ਨੂੰ ਨਹੀਂ, ਸਗੋਂ ਰਾਜਾ ਵੜਿੰਗ ਨੂੰ ਹੈ। ਉਨ੍ਹਾਂ ਨੇ ਕਿਹਾ ਕਿ ਇਲਾਜ ਦੀ ਲੋੜ ਵੀ ਉਨ੍ਹਾਂ ਨੂੰ ਹੀ ਹੈ ਅਤੇ ਇਹ ਗੱਲ ਉਹ ਇਕ ਜਾਂ ਦੋ ਵਾਰ ਨਹੀਂ, ਸਗੋਂ ਕਈ ਵਾਰ ਸਾਬਤ ਕਰ ਚੁੱਕੇ ਹਨ। ਉਨ੍ਹਾਂ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਪੂਰਾ ਪੰਜਾਬ ਰਾਜਾ ਵੜਿੰਗ ਦੇ “ਕਾਮੇਡੀ ਸ਼ੋਅ” ਦਾ ਆਨੰਦ ਲੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨ ਵਿੱਚ ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਨੂੰ ਮਾਨਸਿਕ ਤੌਰ ’ਤੇ ਅਸਥਿਰ ਦੱਸਿਆ ਸੀ। ਇਸ ਤੋਂ ਬਾਅਦ ਮੈਡਮ ਸਿੱਧੂ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਹ ਜਵਾਬੀ ਟਿੱਪਣੀ ਸਾਹਮਣੇ ਆਈ ਹੈ।
ਦੱਸਣਯੋਗ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸਸਪੈਂਡ ਕੀਤਾ ਗਿਆ ਸੀ, ਜਿਸ ਮਗਰੋਂ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਇਸ ਦੇ ਬਾਵਜੂਦ ਉਹ ਲਗਾਤਾਰ ਪਾਰਟੀ ਆਗੂਆਂ ’ਤੇ ਤਿੱਖੀਆਂ ਟਿੱਪਣੀਆਂ ਕਰ ਰਹੀਆਂ ਹਨ।
ਇਸ ਤੋਂ ਪਹਿਲਾਂ ਵੀ ਨਵਜੋਤ ਕੌਰ ਸਿੱਧੂ ਰਾਜਾ ਵੜਿੰਗ ’ਤੇ ਕਈ ਗੰਭੀਰ ਦੋਸ਼ ਲਗਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਸੀ ਕਿ ਰਾਜਾ ਵੜਿੰਗ ਹੁਣ ਤੱਕ ਦੇ ਸਭ ਤੋਂ ਨਾਕਾਬਲ ਅਤੇ ਭ੍ਰਿਸ਼ਟ ਕਾਂਗਰਸ ਪ੍ਰਧਾਨ ਹਨ ਅਤੇ ਨਿੱਜੀ ਲਾਭਾਂ ਲਈ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਸੀ ਕਿ ਪਾਰਟੀ ਪ੍ਰਤੀ ਬੇਵਫ਼ਾਈ ਲਈ ਰਾਜਾ ਵੜਿੰਗ ਨੂੰ ਸ਼ਰਮ ਆਉਣੀ ਚਾਹੀਦੀ ਹੈ।














