24 ਜਨਵਰੀ, 2026 ਅਜ ਦੀ ਆਵਾਜ਼
International Desk: ਅਮਰੀਕਾ ਇਸ ਵੇਲੇ ਇੱਕ ਭਿਆਨਕ ਸਰਦੀਲੇ ਤੂਫ਼ਾਨ ਦੀ ਚਪੇਟ ਵਿੱਚ ਹੈ, ਜਿਸ ਨੇ ਦੇਸ਼ ਦੇ ਵੱਡੇ ਹਿੱਸੇ ਵਿੱਚ ਆਮ ਜ਼ਿੰਦਗੀ ਨੂੰ ਠੱਪ ਕਰ ਕੇ ਰੱਖ ਦਿੱਤਾ ਹੈ। ਤੂਫ਼ਾਨ ਕਾਰਨ ਹੁਣ ਤੱਕ 1,800 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਕਈ ਇਲਾਕਿਆਂ ਵਿੱਚ ਹਵਾਈ ਅਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕੜਾਕੇ ਦੀ ਠੰਢ ਅਤੇ ਭਾਰੀ ਬਰਫ਼ਬਾਰੀ ਕਾਰਨ ਬਿਜਲੀ ਸਪਲਾਈ ਵਿੱਚ ਵੀ ਵੱਡੇ ਪੱਧਰ ‘ਤੇ ਵਿਘਨ ਪੈਦਾ ਹੋਇਆ ਹੈ।
ਇਹ ਤਾਕਤਵਰ ਤੂਫ਼ਾਨ ਮੱਧ ਅਮਰੀਕਾ ਵਿੱਚ ਭਾਰੀ ਬਰਫ਼ਬਾਰੀ ਦਾ ਕਾਰਨ ਬਣਿਆ ਹੈ। ਸ਼ੁੱਕਰਵਾਰ ਸਵੇਰੇ ਉੱਤਰ-ਪੱਛਮੀ ਟੈਕਸਾਸ ਅਤੇ ਓਕਲਾਹੋਮਾ ਸਿਟੀ ਵਿੱਚ ਮੀਂਹ ਦੇ ਨਾਲ ਭਾਰੀ ਬਰਫ਼ ਡਿੱਗੀ। ਮੌਸਮੀ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਤੱਕ 15 ਰਾਜਾਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ, ਤਾਂ ਜੋ ਰਾਹਤ ਅਤੇ ਬਚਾਵ ਕਾਰਜ ਤੇਜ਼ੀ ਨਾਲ ਕੀਤੇ ਜਾ ਸਕਣ।
ਅਮਰੀਕੀ ਮੌਸਮ ਵਿਭਾਗ (NWS) ਦੇ ਅਨੁਸਾਰ, ਓਕਲਾਹੋਮਾ ਤੋਂ ਲੈ ਕੇ ਉੱਤਰ-ਪੂਰਬੀ ਰਾਜਾਂ ਤੱਕ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿੱਚ ਸੋਮਵਾਰ ਤੱਕ ਇੱਕ ਫੁੱਟ ਤੋਂ ਵੱਧ ਬਰਫ਼ ਪੈਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਮਿਸਿਸਿਪੀ ਘਾਟੀ, ਟੈਨੇਸੀ ਘਾਟੀ ਅਤੇ ਦੱਖਣ-ਪੂਰਬੀ ਖੇਤਰਾਂ ਵਿੱਚ ਬਰਫ਼ੀਲਾ ਮੀਂਹ ਅਤੇ ਗੜੇਮਾਰੀ ਦਾ ਵੀ ਖ਼ਦਸ਼ਾ ਜਤਾਇਆ ਗਿਆ ਹੈ।
ਤੂਫ਼ਾਨ ਦੇ ਕਾਰਨ ਕਈ ਹੋਰ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਭਾਰੀ ਬਰਫ਼ ਜਮਣ ਕਾਰਨ ਬਿਜਲੀ ਦੀ ਸਪਲਾਈ ਲੰਬੇ ਸਮੇਂ ਲਈ ਪ੍ਰਭਾਵਿਤ ਹੋ ਸਕਦੀ ਹੈ, ਰੁੱਖਾਂ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਸੜਕਾਂ ‘ਤੇ ਫਿਸਲਣ ਕਾਰਨ ਯਾਤਰਾ ਬਹੁਤ ਹੀ ਖ਼ਤਰਨਾਕ ਹੋ ਗਈ ਹੈ। ਅਧਿਕਾਰੀਆਂ ਮੁਤਾਬਕ, ਇਸ ਤੂਫ਼ਾਨ ਦਾ ਅਸਰ ਕਰੀਬ 18 ਕਰੋੜ ਲੋਕਾਂ ‘ਤੇ ਪੈ ਸਕਦਾ ਹੈ।
ਰਿਪੋਰਟਾਂ ਅਨੁਸਾਰ, ਇਹ ਸਰਦੀਲਾ ਤੂਫ਼ਾਨ ਕਈ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ ਅਤੇ ਹੌਲੀ-ਹੌਲੀ ਸੰਘਣੀ ਆਬਾਦੀ ਵਾਲੇ ਉੱਤਰ-ਪੂਰਬੀ ਰਾਜਾਂ ਵੱਲ ਵਧੇਗਾ। ਟੈਕਸਾਸ ਤੋਂ ਨਿਊ ਇੰਗਲੈਂਡ ਤੱਕ 2,000 ਮੀਲ ਤੋਂ ਵੱਧ ਖੇਤਰ ਵਿੱਚ ਬਰਫ਼ ਦੀ ਮੋਟੀ ਪਰਤ ਵਿਛਣ ਦੀ ਸੰਭਾਵਨਾ ਹੈ, ਜਿਸ ਨਾਲ ਦੈਣਿਕ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।
ਤੂਫ਼ਾਨ ਦੇ ਡਰ ਕਾਰਨ ਲੋਕਾਂ ਵੱਲੋਂ ਜ਼ਰੂਰੀ ਵਸਤਾਂ ਦੀ ਭਾਰੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਮਿਸਿਸਿਪੀ, ਟੈਕਸਾਸ ਅਤੇ ਵਾਸ਼ਿੰਗਟਨ ਡੀ.ਸੀ. ਸਮੇਤ ਕਈ ਸ਼ਹਿਰਾਂ ਦੇ ਸਟੋਰਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ। ਪਾਣੀ, ਦੁੱਧ ਅਤੇ ਹੋਰ ਰੋਜ਼ਾਨਾ ਦੀਆਂ ਲੋੜੀਂਦੀਆਂ ਚੀਜ਼ਾਂ ਵੀ ਕਈ ਥਾਵਾਂ ‘ਤੇ ਮੁਸ਼ਕਲ ਨਾਲ ਉਪਲਬਧ ਹਨ।














