ਨੈਸ਼ਨਲ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਗਾਏ 10 ਭਾਸ਼ਾਵਾਂ ‘ਚ ਬਾਲ ਗੀਤ

5

ਭਾਰਤ ਸਮੇਤ ਦੁਨੀਆਂ ਭਰ ਦੀਆਂ ਹੋਰ ਭਾਸ਼ਾਵਾਂ ਦੇ ਗੀਤ ਵੀ ਕਰਨਗੇ ਤਿਆਰ

ਲੁਧਿਆਣਾ, 10 ਜੂਨ 2025 , Aj Di Awaaj                                                                          Punjab Desk:ਨੈਸ਼ਨਲ ਅਵਾਰਡੀ ਅਧਿਆਪਕ ਤੇ ਬਾਲ ਸਾਹਿਤਕਾਰ ਕਰਮਜੀਤ ਸਿੰਘ ਗਰੇਵਾਲ ਨੇ ਬਾਲ ਸਾਹਿਤ ਦੇ ਖੇਤਰ ਵਿੱਚ ਨਵੀਂ ਪਹਿਲਕਦਮੀ ਕਰਦਿਆਂ ਵੱਖ-ਵੱਖ 10 ਭਾਸ਼ਾਵਾਂ ਵਿੱਚ ਬਾਲ ਗੀਤ ਗਾਏ ਹਨ ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਭਾਰਤ ਦੀਆਂ 10 ਭਾਸ਼ਾਵਾਂ ਜਿਨ੍ਹਾਂ ਵਿੱਚ ਪੰਜਾਬੀ, ਤਾਮਿਲ, ਤੇਲਗੂ, ਗੁਜਰਾਤੀ, ਕੰਨੜ, ਡੋਗਰੀ, ਅਸਾਮੀ, ਬੰਗਾਲੀ, ਬੋਡੋ ਅਤੇ ਹਿੰਦੀ ਸ਼ਾਮਲ ਹਨ, ਦੇ ਬਾਲ ਗੀਤ ਤਿਆਰ ਕਰਕੇ ਖੂਬਸੂਰਤ ਅੰਦਾਜ ਵਿੱਚ ਪੇਸ਼ਕਾਰੀ ਦਿੱਤੀ ਹੈ।

ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ, ਲੁਧਿਆਣਾ ਵਿੱਚ ਪੰਜਾਬੀ ਵਿਸ਼ਾ ਪੜ੍ਹਾ ਰਹੇ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨਾਲ਼ ਸਕੂਲ ਦੇ ਵਿਦਿਆਰਥੀਆਂ ਨੇ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਇਹਨਾਂ ਗੀਤਾਂ ਨੂੰ ਪੰਜਾਬ ਦੇ ਨਾਲ਼-ਨਾਲ਼ ਹੋਰ ਰਾਜਾਂ ਤੋਂ ਵੀ ਭਰਵਾਂ ਹੁੰਗਾਰਾ ਮਿਲ਼ਿਆ ਹੈ।

ਕਰਮਜੀਤ ਸਿੰਘ ਗਰੇਵਾਲ ਨੇ ਬੱਚਿਆਂ ਲਈ ਬਾਲ ਗੀਤ, ਬਾਲ ਨਾਟਕ ਅਤੇ ਬਾਲ ਕਹਾਣੀਆਂ ਦੀਆਂ 11 ਪੁਸਤਕਾਂ ਲਿਖੀਆਂ ਹਨ। ਉਹਨਾਂ ਦੀ ਇੱਕ ਪੁਸਤਕ ਨੂੰ ਸਰਵੋਤਮ ਬਾਲ ਪੁਸਤਕ ਪੁਰਸਕਾਰ, ਵਰਨਮਾਲ਼ਾ ਵੀਡੀਓ ਨੂੰ ਅਮੈਰਕਨ ਇੰਡੀਆ ਫਾਂਊਂਡੇਸ਼ਨ ਟ੍ਰਸਟ ਵੱਲੋਂ ਪਹਿਲਾ ਇਨਾਮ, ਉਹਨਾਂ ਦੀ ਲਿਖੀ ਲੋਰੀ ਨੂੰ ਭਾਰਤ ਸਰਕਾਰ ਵੱਲੋਂ ਸਵਾ ਲੱਖ ਰੁਪਏ ਦਾ ਇਨਾਮ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਭਵਿੱਖ ਵਿੱਚ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੇ ਬਾਲ ਗੀਤ ਤਿਆਰ ਕਰਨ ਦੇ ਨਾਲ਼ ਦੁਨੀਆਂ ਭਰ ਦੀਆਂ ਹੋਰ ਭਾਸ਼ਾਵਾਂ ਦੇ ਬਾਲ ਗੀਤ ਵੀ ਤਿਆਰ ਕਰਨਗੇ। ਇਸ ਨਾਲ਼ ਜਿੱਥੇ ਸਾਡੇ ਬੱਚਿਆਂ ਨੂੰ ਇਹ ਗੀਤ ਸੁਣਨ ਦਾ ਆਨੰਦ ਮਿਲ਼ੇਗਾ ਉੱਥੇ ਉਹ ਜਾਣ ਵੀ ਸਕਣਗੇ ਕਿ ਬਾਕੀ ਭਾਸ਼ਾਵਾਂ ਵਿੱਚ ਕਿਸ ਤਰ੍ਹਾਂ ਦੇ ਗੀਤ ਪ੍ਰਚਲਿਤ ਹਨ।