Punjab 31 Mar 2026 AJ DI Awaaj
Punjab Desk : ਇੱਕ ਆਮ LPG ਸਿਲੰਡਰ ਬੁਕਿੰਗ ਨੇ ਆਖਿਰਕਾਰ ਉਸ ਸਾਬਕਾ ਫੌਜੀ ਕੈਪਟਨ ਦਾ ਭੇਤ ਖੋਲ੍ਹ ਦਿੱਤਾ ਜੋ ਆਪਣੀ ਪਤਨੀ ਦੇ ਕ*ਤਲ ਦੇ ਮਾਮਲੇ ਵਿੱਚ ਚਾਰ ਸਾਲਾਂ ਤੋਂ ਫਰਾਰ ਚੱਲ ਰਿਹਾ ਸੀ। ਦੋਸ਼ੀ ਸੰਦੀਪ ਤੋਮਰ ਨੂੰ ਮੱਧ ਪ੍ਰਦੇਸ਼ ਦੇ ਪੰਧੁਰਨਾ ਤੋਂ ਗ੍ਰਿਫ਼ਤਾਰ ਕਰਕੇ ਫਾਜ਼ਿਲਕਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਪੁਲਿਸ ਮੁਤਾਬਕ, ਸੰਦੀਪ ਤੋਮਰ ਨੇ 2013 ਵਿੱਚ ਅਬੋਹਰ ਵਿੱਚ ਆਪਣੀ ਪਤਨੀ ਸ਼ਵੇਤਾ ਸਿੰਘ ਦਾ ਕਤ*ਲ ਕੀਤਾ ਸੀ। ਸ਼ੁਰੂ ਵਿੱਚ ਉਸਨੇ ਇਸ ਘਟਨਾ ਨੂੰ ਖੁਦਕੁਸ਼ੀ ਵਾਂਗ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਜਾਂਚ ਦੌਰਾਨ ਇਹ ਇੱਕ ਯੋਜਨਾਬੱਧ ਕ*ਤਲ ਸਾਬਤ ਹੋਇਆ। 2014 ਵਿੱਚ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਿਸਨੂੰ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਬਰਕਰਾਰ ਰੱਖਿਆ।
2019 ਵਿੱਚ ਜ਼ਮਾਨਤ ਮਿਲਣ ਤੋਂ ਬਾਅਦ, 2022 ਵਿੱਚ ਸਜ਼ਾ ਬਰਕਰਾਰ ਰਹਿਣ ‘ਤੇ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਅਤੇ ਫਰਾਰ ਹੋ ਗਿਆ। ਇਸ ਦੌਰਾਨ ਉਹ ਲਗਾਤਾਰ ਆਪਣੀ ਪਛਾਣ ਅਤੇ ਟਿਕਾਣਾ ਬਦਲਦਾ ਰਿਹਾ।
ਮਾਮਲੇ ਵਿੱਚ ਮੋੜ ਉਸ ਵੇਲੇ ਆਇਆ ਜਦੋਂ ਪੁਲਿਸ ਨੇ ਉਸਦੇ ਪੈਨ ਕਾਰਡ ਨਾਲ ਜੁੜੇ ਬੈਂਕ ਖਾਤੇ ਦੀ ਜਾਂਚ ਕੀਤੀ। ਇਸ ਖਾਤੇ ਰਾਹੀਂ ਕੀਤੀ ਗਈ LPG ਬੁਕਿੰਗ ਨੇ ਉਸਦੀ ਲੋਕੇਸ਼ਨ ਦਾ ਪਤਾ ਦਿੱਤਾ। ਜਾਂਚ ‘ਚ ਪਤਾ ਲੱਗਾ ਕਿ ਉਹ ਪੰਧੁਰਨਾ ਵਿੱਚ ਗੈਸ ਏਜੰਸੀ ਤੋਂ ਸਿਲੰਡਰ ਲੈ ਰਿਹਾ ਸੀ।
ਇਸ ਜਾਣਕਾਰੀ ਦੇ ਆਧਾਰ ‘ਤੇ ਸਥਾਨਕ ਪੁਲਿਸ ਨਾਲ ਮਿਲ ਕੇ ਕਾਰਵਾਈ ਕੀਤੀ ਗਈ ਅਤੇ ਸੰਦੀਪ ਤੋਮਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਉਸਨੂੰ ਪੰਜਾਬ ਲਿਆਂਦਾ ਗਿਆ।
ਮ੍ਰਿ*ਤਕ ਦੇ ਪਰਿਵਾਰ ਵੱਲੋਂ ਲਗਾਤਾਰ ਨਿਆਂ ਲਈ ਕੀਤੀ ਗਈ ਲੜਾਈ ਅਤੇ ਹਾਈ ਕੋਰਟ ਦੇ ਦਖਲ ਨਾਲ ਬਣੀ SIT ਦੀ ਮਿਹਨਤ ਨਾਲ ਆਖਿਰਕਾਰ ਦੋਸ਼ੀ ਨੂੰ ਕਾਬੂ ਕੀਤਾ ਗਿਆ।














