ਨਗਰ ਕੌਂਸਲ ਚੋਣਾਂ: ਸੱਸ-ਨੂੰਹ ਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜੇਤੂ

34

ਫਰੀਦਕੋਟ 30 May 2026 AJ DI Awaaj

Punjab Desk :  ਫਰੀਦਕੋਟ ਜ਼ਿਲ੍ਹੇ ਦੀਆਂ ਤਿੰਨੋਂ ਨਗਰ ਕੌਂਸਲਾਂ—ਫਰੀਦਕੋਟ, ਕੋਟਕਪੂਰਾ ਅਤੇ ਜੈਤੋ—ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ। ਚੋਣ ਨਤੀਜਿਆਂ ਦੌਰਾਨ ਕੁਝ ਪਰਿਵਾਰਕ ਸਿਆਸੀ ਸਮੀਕਰਨ ਵੀ ਚਰਚਾ ਦਾ ਕੇਂਦਰ ਬਣੇ, ਜਿੱਥੇ ਫਰੀਦਕੋਟ ਵਿੱਚ ਸੱਸ-ਨੂੰਹ ਦੀ ਜੋੜੀ ਅਤੇ ਕੋਟਕਪੂਰਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਕੌਂਸਲਰ ਚੁਣੇ ਗਏ।

ਫਰੀਦਕੋਟ ਨਗਰ ਕੌਂਸਲ ਦੇ 25 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 10 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਕਾਂਗਰਸ ਨੂੰ 8 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 7 ਸੀਟਾਂ ਮਿਲੀਆਂ। ਹਾਲਾਂਕਿ ‘ਆਪ’ ਨੂੰ ਪੂਰਨ ਬਹੁਮਤ ਨਹੀਂ ਮਿਲਿਆ, ਪਰ ਉਸ ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ।

ਕੋਟਕਪੂਰਾ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਨੇ 29 ਵਿੱਚੋਂ 20 ਵਾਰਡ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕੀਤਾ ਅਤੇ ਕੌਂਸਲ ‘ਤੇ ਆਪਣਾ ਕਬਜ਼ਾ ਕਾਇਮ ਕੀਤਾ। ਕਾਂਗਰਸ ਨੂੰ 5, ਸ਼੍ਰੋਮਣੀ ਅਕਾਲੀ ਦਲ ਨੂੰ 2 ਅਤੇ ਦੋ ਆਜ਼ਾਦ ਉਮੀਦਵਾਰਾਂ ਨੂੰ ਜਿੱਤ ਪ੍ਰਾਪਤ ਹੋਈ।

ਜੈਤੋ ਨਗਰ ਕੌਂਸਲ ਵਿੱਚ ਵੀ ‘ਆਪ’ ਦਾ ਦਬਦਬਾ ਰਿਹਾ। ਪਾਰਟੀ ਨੇ 17 ਵਿੱਚੋਂ 12 ਵਾਰਡਾਂ ਵਿੱਚ ਜਿੱਤ ਦਰਜ ਕੀਤੀ। ਸ਼੍ਰੋਮਣੀ ਅਕਾਲੀ ਦਲ ਨੂੰ 3 ਅਤੇ ਕਾਂਗਰਸ ਨੂੰ 2 ਸੀਟਾਂ ਨਾਲ ਸੰਤੁਸ਼ਟ ਹੋਣਾ ਪਿਆ।

ਚੋਣਾਂ ਦੌਰਾਨ ਪਰਿਵਾਰਕ ਸਬੰਧਾਂ ਨੇ ਵੀ ਖਾਸ ਧਿਆਨ ਖਿੱਚਿਆ। ਫਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮੁਸਕਾਨ ਗਰੋਵਰ ਵਾਰਡ ਨੰਬਰ 19 ਤੋਂ ਜੇਤੂ ਰਹੀ, ਜਦਕਿ ਉਸ ਦੀ ਮਾਸੀ ਉਮਾ ਗਰੋਵਰ ਨੇ ਵਾਰਡ ਨੰਬਰ 21 ਤੋਂ ਜਿੱਤ ਹਾਸਲ ਕੀਤੀ।

ਉਧਰ ਕੋਟਕਪੂਰਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਜਿੱਤ ਦਰਜ ਕਰਕੇ ਸਿਆਸੀ ਪ੍ਰਭਾਵ ਦਾ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਦੇ ਸਵਤੰਤਰ ਜੋਸ਼ੀ ਵਾਰਡ ਨੰਬਰ 10 ਤੋਂ ਜੇਤੂ ਰਹੇ, ਉਨ੍ਹਾਂ ਦੀ ਭਰਜਾਈ ਵਿਜੇਪ੍ਰੀਤ ਜੋਸ਼ੀ ਨੇ ਵਾਰਡ ਨੰਬਰ 11 ਤੋਂ ਅਤੇ ਉਨ੍ਹਾਂ ਦੇ ਪੁੱਤਰ ਆਰੋਨ ਜੋਸ਼ੀ ਨੇ ਵਾਰਡ ਨੰਬਰ 16 ਤੋਂ ਜਿੱਤ ਹਾਸਲ ਕੀਤੀ।

ਚੋਣ ਨਤੀਜਿਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਲੋਕ-ਭਲਾਈ ਯੋਜਨਾਵਾਂ ‘ਤੇ ਆਪਣੀ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਵਿੱਚ ਪਾਰਟੀ ਦੀ ਮਜ਼ਬੂਤ ਨੁਮਾਇੰਦਗੀ ਨਾਲ ਸਰਕਾਰੀ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਸਕੇਗਾ।