ਹੁਸ਼ਿਆਰਪੁਰ, 22 ਜੁਲਾਈ 2025 , Aj Di Awaaj
Punjab Desk: ਵਿਧਾਇਕ ਹੁਸ਼ਿਆਰਪੁਰ ਅਤੇ ਪੰਜਾਬ ਵਿਧਾਨ ਸਭਾ ਪਟੀਸ਼ਨ ਕਮੇਟੀ ਦੇ ਚੇਅਰਮੈਨ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਵਿਚ ਸ਼ਿਵ ਦੇਵ ਰਾਓ ਸ਼ਿਸ਼ੂ ਸਿੱਖਿਆ ਕੇਂਦਰ ਹਾਈ ਸਕੂਲ, ਮਾਨਵਤਾ ਮੰਦਿਰ, ਹੁਸ਼ਿਆਰਪੁਰ ਦੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਅੱਜ ਇਕ ਵਿਸ਼ੇਸ਼ ਵਿਦਿਅਕ ਟੂਰ ‘ਤੇ ਚੰਡੀਗੜ੍ਹ ਲਿਜਾਇਆ ਗਿਆ। ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਅਤੇ ਹਰਿਆਣਾ ਵਿਧਾਨ ਸਭਾ ਦਾ ਦੌਰਾ ਕੀਤਾ ਅਤੇ ਲੋਕਤੰਤਰੀ ਪ੍ਰਕਿਰਿਆ ਦੀਆਂ ਬਾਰੀਕੀਆਂ ਨੂੰ ਨੇੜਿਓਂ ਦੇਖਿਆ ਅਤੇ ਸਮਝਿਆ। ਇਸ ਦੌਰਾਨ ਵਿਧਾਇਕਾ ਜੀਵਨਜੋਤ ਕੌਰ ਅਤੇ ਵਿਧਾਇਕਾ ਨੀਨਾ ਮਿੱਤਲ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਤਰਸੇਮ ਸ਼ਰਮਾ ਤੇ ਸਟਾਫ਼ ਵੀ ਮੌਜੂਦ ਸੀ।
ਇਸ ਮਹੱਤਵਪੂਰਨ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਸਪੀਕਰ ਦੇ ਚੈਂਬਰ, ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦੇ ਚੈਂਬਰ, ਵਿਰੋਧੀ ਧਿਰ ਦੇ ਨੇਤਾ ਦੇ ਦਫ਼ਤਰ, ਮੀਡੀਆ ਗੈਲਰੀ ਅਤੇ ਲਾਇਬ੍ਰੇਰੀ ਸਮੇਤ ਕਈ ਮਹੱਤਵਪੂਰਨ ਥਾਵਾਂ ‘ਤੇ ਲਿਜਾਇਆ ਗਿਆ, ਜਿਸ ਰਾਹੀਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਇਤਿਹਾਸ, ਢਾਂਚੇ ਅਤੇ ਕਾਰਜਸ਼ੈਲੀ ਬਾਰੇ ਅਸਲ ਤਜ਼ਰਬਾ ਮਿਲਿਆ।
ਦੌਰੇ ਤੋਂ ਬਾਅਦ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੀ ਪ੍ਰਸਿੱਧ ਸੁਖਨਾ ਝੀਲ ਦਾ ਵੀ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ ਅਤੇ ਆਪਸੀ ਗੱਲਬਾਤ ਰਾਹੀਂ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤਰਸੇਮ ਸ਼ਰਮਾ ਅਤੇ ਹੋਰ ਅਧਿਆਪਕਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੁਸ਼ਿਆਰਪੁਰ ਦੇ ਵਿਦਿਆਰਥੀ ਵਿਧਾਨ ਸਭਾ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਅਤੇ ਇਹ ਜਾਣਨ ਕਿ ਪੰਜਾਬ ਸਰਕਾਰ ਵੱਲੋਂ ਕੰਮ ਕਿਵੇਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਲੋਕਤੰਤਰੀ ਕਦਰਾਂ-ਕੀਮਤਾਂ, ਪ੍ਰਸ਼ਾਸਨਿਕ ਕੰਮ–ਕਾਜ ਅਤੇ ਨਾਗਰਿਕ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣਾ ਸੀ। ਸਕੂਲ ਦੇ ਵਿਦਿਆਰਥੀ ਵੀ ਇਸ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਦਿਖਾਈ ਦਿੱਤੇ।














