ਵਿਧਾਇਕ ਬੁੱਧ ਰਾਮ ਨੇ ਗੁਰਨੇ ਕਲਾਂ ਦੇ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ 200 ਟਰੈਕ ਸੂਟ ਵੰਡੇ

44

ਬੁਢਲਾਡਾ/ਮਾਨਸਾ, 29 ਮਈ 2025 Aj Di Awaaj

ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ਨੂੰ ਤਸਦੀਕ ਕਰਨ ਲਈ ਲੜਕੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਅਤੇ ਹੁਨਰ ਲਈ ਸਹੂਲਤਾਂ ਦੇਣੀਆਂ ਲਾਜ਼ਮੀ ਹਨ ਤਦ ਹੀ ਉਹ ਮੁੰਡਿਆਂ ਦੇ ਬਰਾਬਰ ਅੱਗੇ ਵਧ ਸਕਦੀਆਂ ਹਨ ਤੇ ਸਮਾਜ ਵਿਚ ਆਪਣਾ ਰੁਤਬਾ ਬਣਾ ਸਕਦੀਆਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਪਿੰਡ ਗੁਰਨੇ ਕਲਾਂ ਦੇ ਹਾਈ ਸਕੂਲ, ਪ੍ਰਾਇਮਰੀ ਅਤੇ ਪ੍ਰਾਇਮਰੀ ਈ.ਜੀ.ਐਸ. ਸਕੂਲ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਏ 200 ਟਰੈਕ ਸੂਟ ਵਿਦਿਆਰਥਣਾਂ ਨੂੰ ਵੰਡਣ ਮੌਕੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਅੱਜ ਲੜਕੀਆਂ ਹਰ ਖੇਤਰ ਵਿੱਚ ਅੱਗੇ ਜਾ ਰਹੀਆਂ ਹਨ। ਇਹ ਤਦ ਹੀ ਸੰਭਵ ਹੋਇਆ ਹੈ ਕਿ ਲੋਕ ਹੁਣ ਆਪਣੀਆਂ ਬੇਟੀਆਂ ਨੂੰ ਉੱਚ ਸਿੱਖਿਆ ਦਿਵਾਉਣ ਲੱਗੇ ਹਨ। ਲੋਕਾਂ ਵਿਚ ਜਾਗ੍ਰਿਤੀ ਪੈਦਾ ਹੋਈ ਹੈ ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਮੌਕੇ ਪ੍ਰਦਾਨ ਕੀਤੇ ਜਾਣ ਤਦ ਹੀ ਸਮਾਜ ਵਿਚ ਉਹ ਸਿਰ ਉੱਚਾ ਚੁੱਕ ਕੇ ਜਿਉਂ ਸਕਦੀਆਂ ਹਨ। ਸਿੱਖਿਆ ਹੀ ਕੁੜੀਆਂ ਨੂੰ ਆਤਮ ਨਿਰਭਰ ਬਣਾਉਣ ਵਿਚ ਸਹਾਈ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਵੀ ਕੁੜੀਆਂ ਮੱਲਾਂ ਮਾਰ ਰਹੀਆਂ ਹਨ। ਇਸ ਲਈ ਕੁੜੀਆਂ ਨੂੰ ਖੇਡਾਂ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣਾ ਲਾਜ਼ਮੀ ਹੈ। ਵਿਧਾਇਕ ਨੇ ਕਿਹਾ ਕਿ ਮੈਂ ਇਸ ਪਿੰਡ ਵਿੱਚ ਪੜ੍ਹਾਇਆ ਹੈ ਤੇ ਹੁਣ ਮੇਰਾ ਬੇਟਾ ਇਸ ਪਿੰਡ ਵਿੱਚ ਪੜਾ ਰਿਹਾ ਹੈ। ਮੇਰੀ ਇੱਛਾ ਹੁੰਦੀ ਹੈ ਕਿ ਇਸ ਪਿੰਡ ਨੂੰ ਆਪਣਾ ਪਿੰਡ ਮੰਨਦੇ ਹੋਏ ਹਰ ਸਹੂਲਤ ਪ੍ਰਦਾਨ ਕਰਾਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਬੱਡੀ ਮੈਟ ਇਸ ਸਕੂਲ ਨੂੰ ਦਿੱਤੇ ਗਏ ਹਨ, ਜਿਸ ’ਤੇ ਧੁੱਪ ਅਤੇ ਮੀਂਹ ਤੋਂ ਬਚਦਿਆਂ ਖਿਡਾਰੀ ਪ੍ਰੈਕਟਿਸ ਕਰਦੇ ਹਨ।
ਇਸ ਦੌਰਾਨ ਸਕੂਲ ਮੁਖੀ ਮਨਦੀਪ ਕੁਮਾਰ ਨੇ ਸਕੂਲ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਸਿੰਘ ਬੱਬਾ, ਸਕੂਲ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ, ਪੰਚ ਬੂਟਾ ਸਿੰਘ, ਸੀਐਚਟੀ ਜੁਗਰਾਜ ਸਿੰਘ, ਐਚਟੀ ਗੁਰਲਾਲ ਸਿੰਘ ਗੁਰਨੇ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।