ਮਾਨਸਾ, 17 ਮਈ 2025 AJ DI Awaaj
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਮੈਟ੍ਰਿਕ ਦੇ ਨਤੀਜਿਆਂ ‘ਚ ਹਲਕਾ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਕਲਾਂ ਦੀ ਲਵਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ ਨੇ ਪੰਜਾਬ ਭਰ ‘ਚੋਂ 08ਵਾਂ ਅਤੇ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥਣ ਦੀ ਇਸ ਉਪਲੱਬਧੀ ‘ਤੇ ਵਿਧਾਇਕ ਹਲਕਾ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵਿਦਿਆਰਥਣ ਦੇ ਘਰ ਜਾ ਕੇ ਉਸ ਦਾ ਸਨਮਾਨ ਕੀਤਾ ਅਤੇ ਭਵਿੱਖ ਵਿਚ ਹੋਰ ਮੱਲਾਂ ਮਾਰਨ ਦਾ ਹੌਂਸਲਾ ਦਿੱਤਾ।
ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਵਿਦਿਆਰਥਣ ਲਵਪ੍ਰੀਤ ਕੌਰ ਨੇ ਸਰਦੂਲਗੜ੍ਹ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਕੁੜੀਆਂ ਕਿਸੇ ਵੀ ਪੱਖ ਤੋਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਉਹ ਹਰ ਖੇਤਰ ਵਿਚ ਮੁਹਾਰਤ ਰੱਖਦੀਆਂ ਹਨ ਅਤੇ ਹਰ ਖੇਤਰ ਨੂੰ ਸਰ ਕਰ ਸਕਦੀਆਂ ਹਨ ਜੇਕਰ ਉਨ੍ਹਾਂ ਨੂੰ ਮੌਕੇ ਪ੍ਰਦਾਨ ਕੀਤੇ ਜਾਣ।
ਵਿਧਾਇਕ ਨੇ ਕਿਹਾ ਕਿ ਅਜਿਹੀਆਂ ਵਿਦਿਆਰਥਣਾਂ ਦੀ ਹੌਂਸਲਾ ਅਫਜ਼ਾਈ ਜ਼ਰੂਰੀ ਹੈ ਜੋ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਮਿਹਨਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਲਵਪ੍ਰੀਤ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹਨ।














