ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਅੱਖਾਂ ਦੀ ਜਾਂਚ ਸਬੰਧੀ ਮੈਡੀਕਲ ਕੈਂਪ ਲਗਾਇਆ 

45
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਸੰਗਰੂਰ
ਸੁਨਾਮ ਉਧਮ ਸਿੰਘ ਵਾਲਾ, 22 ਜਨਵਰੀ 2025- Aj Di Awaaj
ਟਰਾਂਸਪੋਰਟ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਜਾਖਲ ਰੋਡ ਸੁਨਾਮ ਵਿਖੇ ਕਾਰਗੋ ਕੈਂਟਰ ਯੂਨੀਅਨ ਦੇ ਵਾਹਨ ਚਾਲਕਾਂ ਦੀ ਸੁਵਿਧਾ ਲਈ ਅੱਖਾਂ ਦੀ ਜਾਂਚ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਟ੍ਰਾਂਸਪੋਰਟ ਅਫਸਰ ਸੰਗਰੂਰ ਰਾਮ ਮੂਰਤ ਨੇ ਦੱਸਿਆ ਕਿ ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਜ਼ਿਲਾ ਸੰਗਰੂਰ ਦੀਆਂ ਸਾਰੀਆਂ ਹੀ ਸਬ ਡਵੀਜ਼ਨਾਂ ਵਿੱਚ ਸੜਕ ਸੁਰੱਖਿਆ ਨਾਲ ਸੰਬੰਧਿਤ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸੜਕ ਹਾਦਸਿਆਂ ਨੂੰ ਘਟਾਇਆ ਜਾ ਸਕੇ।
ਰਾਮ ਮੂਰਤ ਨੇ ਦੱਸਿਆ ਕਿ ਰੀਜਨਲ ਟਰਾਂਸਪੋਰਟ ਅਫਸਰ ਸ਼੍ਰੀਮਤੀ ਮਨਜੀਤ ਕੌਰ ਦੀਆਂ ਹਦਾਇਤਾਂ ਉੱਤੇ ਸਿਹਤ ਵਿਭਾਗ ਵੱਲੋਂ ਅੱਖ ਰੋਗਾਂ ਦੇ ਮਾਹਿਰ ਡਾ ਸੋਨਿਕਾ ਬਾਂਸਲ ਅਤੇ ਅਵਤਾਰ ਸਿੰਘ ਅਪਥਾਲਮਿਕ ਅਫਸਰ ਨੂੰ ਇਸ ਮੈਡੀਕਲ ਜਾਂਚ ਕੈਂਪ ਲਈ ਤਾਇਨਾਤ ਕੀਤਾ ਗਿਆ ਸੀ ਅਤੇ ਇਹਨਾਂ ਮਾਹਿਰਾਂ ਵੱਲੋਂ 110 ਵਿਅਕਤੀਆਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਉਹਨਾਂ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਵਾਜਾਈ ਨਿਯਮਾਂ ਸਬੰਧੀ ਬਣੇ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ ਅਤੇ ਵਾਹਨ ਚਾਲਕ ਵਾਹਨ ਚਲਾਉਣ ਸਮੇਂ ਵਧੇਰੇ ਚੌਕਸੀ ਵਰਤਣ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ ਪੈ ਸਕੇ।