MCD ਉਪ ਚੋਣਾਂ ਦਾ ਐਲਾਨ — 12 ਸੀਟਾਂ ‘ਤੇ 30 ਨਵੰਬਰ ਨੂੰ ਵੋਟਿੰਗ, ਨਤੀਜੇ 3 ਦਸੰਬਰ ਨੂੰ

24

ਦਿੱਲੀ 28 Oct 2025 AJ DI Awaaj

National Desk : ਦਿੱਲੀ ਨਗਰ ਨਿਗਮ (MCD) ਦੀਆਂ 12 ਖਾਲੀ ਸੀਟਾਂ ‘ਤੇ ਉਪ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਰਾਜ ਚੋਣ ਕਮਿਸ਼ਨ ਨੇ ਚੋਣਾਂ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਨਾਮਜ਼ਦਗੀਆਂ 3 ਨਵੰਬਰ ਤੋਂ ਸ਼ੁਰੂ ਹੋਣਗੀਆਂ ਅਤੇ 10 ਨਵੰਬਰ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਨਾਮਜ਼ਦਗੀਆਂ ਦੀ ਜਾਂਚ 12 ਨਵੰਬਰ ਨੂੰ ਹੋਵੇਗੀ, ਜਦਕਿ ਉਮੀਦਵਾਰ 15 ਨਵੰਬਰ ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਣਗੇ। ਵੋਟਿੰਗ 30 ਨਵੰਬਰ ਨੂੰ ਹੋਵੇਗੀ ਅਤੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ।

ਇਹ ਉਪ ਚੋਣਾਂ 12 ਵਾਰਡਾਂ ਵਿੱਚ ਹੋਣਗੀਆਂ — ਇਨ੍ਹਾਂ ਵਿੱਚੋਂ ਛੇ ਜਨਰਲ ਸੀਟਾਂ, ਪੰਜ ਮਹਿਲਾਵਾਂ ਲਈ ਰਾਖਵੀਆਂ ਅਤੇ ਇੱਕ ਅਨੁਸੂਚਿਤ ਜਾਤੀ ਲਈ ਹੈ।

ਜਨਰਲ ਵਾਰਡ: ਮੁੰਡਕਾ (35), ਚਾਂਦਨੀ ਚੌਕ (74), ਚਾਂਦਨੀ ਮਹਿਲ (76), ਨਰੈਣਾ (139), ਸੰਗਮ ਵਿਹਾਰ-ਏ (163), ਵਿਨੋਦ ਨਗਰ (198)
ਮਹਿਲਾ ਰਾਖਵੇਂ ਵਾਰਡ: ਸ਼ਾਲੀਮਾਰ ਬਾਗ-ਬੀ (56), ਅਸ਼ੋਕ ਵਿਹਾਰ (65), ਦਵਾਰਕਾ-ਬੀ (120), ਡਿਚੌਂ ਕਲਾਂ (128), ਗ੍ਰੇਟਰ ਕੈਲਾਸ਼ (173)
ਅਨੁਸੂਚਿਤ ਜਾਤੀ ਵਾਰਡ: ਦੱਖਣੀ ਪੁਰੀ (164)

ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਇਸ ਐਲਾਨ ਨਾਲ ਹੀ ਇਨ੍ਹਾਂ 12 ਵਾਰਡਾਂ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਲਾਗੂ ਹੋ ਗਿਆ ਹੈ। ਉਮੀਦਵਾਰਾਂ ਲਈ ਖਰਚ ਦੀ ਸੀਮਾ 8 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ, ਜਦਕਿ ਜਨਰਲ ਉਮੀਦਵਾਰਾਂ ਨੂੰ 5,000 ਰੁਪਏ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ 2,500 ਰੁਪਏ ਦੀ ਜਮ੍ਹਾ ਰਕਮ ਦੇਣੀ ਹੋਵੇਗੀ।

ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ 11 ਚੋਣ ਨਿਗਰਾਨ ਅਤੇ 11 ਖਰਚ ਨਿਗਰਾਨ ਨਿਯੁਕਤ ਕੀਤੇ ਗਏ ਹਨ। ਇਸਦੇ ਨਾਲ ਹੀ ਵੋਟਰਾਂ ਦੀ ਸਹੂਲਤ ਲਈ ਕਮਿਸ਼ਨ ਨੇ “ਨਿਗਮ ਇਲੈਕਸ਼ਨ ਦਿੱਲੀ” ਮੋਬਾਈਲ ਐਪ ਵੀ ਲਾਂਚ ਕੀਤਾ ਹੈ, ਜਿਸ ਰਾਹੀਂ ਵੋਟਰ ਚੋਣ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰ ਸਕਣਗੇ।