Punjab 16 Jan 2026 AJ DI Awaaj
Punjab Desk : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਗਾਤਾਰ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਵਿੱਚ ਜੁਟੀ ਹੋਈ ਹੈ। ਇਸ ਕੜੀ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਮੌਜੂਦਗੀ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਗਮੀਤ ਬਰਾੜ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਓਂਕਾਰ ਸਿੱਧੂ ਅਤੇ ਸੀਨੀਅਰ ਅਕਾਲੀ ਆਗੂ ਚਰਨਜੀਤ ਬਰਾੜ ਨੇ ਵੀ ਭਾਜਪਾ ਦਾ ਦਾਮਨ ਫੜ ਲਿਆ। ਕੋਟਕਪੂਰਾ ਤੋਂ ਸਾਬਕਾ ਵਿਧਾਇਕ ਜਗਮੀਤ ਬਰਾੜ ਦੇ ਭਰਾ ਰਿਪਜੀਤ ਸਿੰਘ ਬਰਾੜ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਜਗਮੀਤ ਬਰਾੜ ਨੇ 2022 ਦੀਆਂ ਮੌੜ ਮੰਡੀ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੇ ਟਿਕਟ ‘ਤੇ ਲੜੀਆਂ ਸਨ।
ਇਨ੍ਹਾਂ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਦੀ ਨਜ਼ਰ ਪੰਜਾਬ ਦੇ ਮਾਲਵਾ ਖੇਤਰ ‘ਤੇ ਹੋਰ ਟਿਕ ਗਈ ਹੈ। ਜਗਮੀਤ ਬਰਾੜ, ਰਿਪਜੀਤ ਬਰਾੜ ਅਤੇ ਚਰਨਜੀਤ ਬਰਾੜ ਤਿੰਨੇ ਹੀ ਮਾਲਵਾ ਖੇਤਰ ਦੇ ਮੁਕਤਸਰ ਨਾਲ ਸਬੰਧਤ ਹਨ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 69 ਸੀਟਾਂ ਮਾਲਵਾ ਖੇਤਰ ਵਿੱਚ ਹਨ, ਜੋ ਸਰਕਾਰ ਬਣਾਉਣ ਲਈ ਅਹਿਮ ਮੰਨੀਆਂ ਜਾਂਦੀਆਂ ਹਨ। ਇਸੇ ਕਰਕੇ ਭਾਜਪਾ ਮਾਲਵਾ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਸਰਗਰਮ ਨਜ਼ਰ ਆ ਰਹੀ ਹੈ।












