ਮਾਨਸਾ, 17 ਸਤੰਬਰ 2025 AJ Di Awaaj
Punjab Desk : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਰਪਰਸਤੀ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਸੂਰ ਪਾਲਣ ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ 10 ਸਤੰਬਰ ਤੋਂ 16 ਸਤੰਬਰ, 2025 ਤੱਕ ਕਰਵਾਇਆ ਗਿਆ। ਇਸ ਸਿਖਲਾਈ ਕੋਰਸ ਵਿੱਚ 12 ਕਿਸਾਨ ਵੀਰਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ।
ਸਿਖਲਾਈ ਦੌਰਾਨ ਡਿਪਟੀ ਡਾਇਰੈਕਟਰ (ਸਿਖਲਾਈ)ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ, ਡਾ. ਗੁਰਦੀਪ ਸਿੰਘ ਨੇ ਸਿਖਿਆਰਥੀਆਂ ਨੂੰ ਸੂਰ ਪਾਲਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਸਿਖਿਆਰਥੀਆਂ ਨੂੰ ਵਿਗਿਆਨਕ ਲੀਹਾਂ ‘ਤੇ ਸੂਰ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਰਜਿਸਟ੍ਰੇਸ਼ਨ ਤੋਂ ਬਾਅਦ ਪਹਿਲੇ ਦਿਨ ਸੂਰ ਪਾਲਣ ਬਾਰੇ ਸਿਖਿਆਰਥੀਆਂ ਦੇ ਗਿਆਨ ਪੱਧਰ ਦੀ ਜਾਂਚ ਕਰਨ ਲਈ ਇੱਕ ਪ੍ਰੀ-ਟ੍ਰੇਨਿੰਗ ਟੈਸਟ ਵੀ ਲਿਆ ਗਿਆ।
ਸਿਖਲਾਈ ਪ੍ਰੋਗਰਾਮ ਕੋਆਰਡੀਨੇਟਰ ਡਾ. ਅਜੈ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਸੂਰ ਪਾਲਣ ਸਬੰਧੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ, ਜਿਸ ਵਿੱਚ ਸੂਰਾਂ ਦੀ ਨਸਲ, ਸੂਰਾਂ ਦਾ ਸੁਚੱਜਾ ਪ੍ਰਜਨਣ ਪ੍ਰਬੰਧ, ਸੂਰ ਪਾਲਣ ਲਈ ਸ਼ੈਡਾਂ ਦੀ ਉਸਾਰੀ ਅਤੇ ਸਾਜੋ-ਸਮਾਨ, ਸੂਰਾਂ ਦੀ ਖੁਰਾਕ ਤਿਆਰ ਕਰਨਾ, ਸੂਰਾਂ ਦੀ ਢੋਆ-ਢੁਆਈ ਅਤੇ ਮੰਡੀਕਰਨ ਆਦਿ ਸ਼ਾਮਿਲ ਸੀ।
ਪਸ਼ੂ ਪਾਲਣ ਵਿਭਾਗ, ਮਾਨਸਾ ਤੋਂ ਡਾ. ਅਕਸ਼ੈ ਗੋਇਲ, ਵੈਟਰਨਰੀ ਅਫ਼ਸਰ ਵੱਲੋਂ ਸੂਰਾਂ ਦੀ ਬਿਮਾਰੀਆਂ ਤੋਂ ਬਚਾਅ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ ਅਤੇ ਵਿਭਾਗ ਵੱਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਸਟੇਟ ਬੈਂਕ ਆਫ਼ ਇੰਡੀਆ ਤੋਂ ਲੀਡ ਬੈਂਕ ਅਫ਼ਸਰ ਸ਼੍ਰੀ ਰਜਤ ਕੁਮਾਰ ਨੇ ਸਹਾਇਕ ਧੰਦਿਆਂ ਲਈ ਲੋਨ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਕਿਸਾਨ ਕ੍ਰੈਡਿਟ ਕਾਰਡ ਅਤੇ ਐਗਰੀ-ਇਨਫਰਾ ਫੰਡ ਵਰਗੀਆਂ ਘੱਟ-ਵਿਆਜ ਵਾਲੀਆਂ ਸਕੀਮਾਂ ਸ਼ਾਮਲ ਹਨ, ਜੋ ਸੂਰ ਪਾਲਣ ਕੰਮਾਂ ਲਈ ਲਚੀਲੇ ਭੁਗਤਾਨ ਵਿਕਲਪਾਂ ਨਾਲ ਤਿਆਰ ਕੀਤੀਆਂ ਗਈਆਂ ਹਨ। ਕਿਸਾਨਾਂ ਨੂੰ ਸੂਰ ਪਾਲਣ ਲਈ ਉਪਲੱਬਧ ਸਰਕਾਰੀ ਸਬਸਿਡੀਆਂ ਦਾ ਲਾਭ ਉਠਾਉਣ ਅਤੇ ਆਪਣੇ ਕੰਮ ਨੂੰ ਵਧਾਉਣ ਦੀ ਸਲਾਹ ਦਿੱਤੀ।














