ਚੰਡੀਗੜ੍ਹ:09 July 2025 AJ DI Awaaj
Punjab Desk : ਅਕਾਲੀ ਆਗੂ ਬਿਕਰਮ ਮਜੀਠੀਆ ਦੇ ਨਵੀਂ ਗ੍ਰਿਫਤਾਰੀ ਮੌਕੇ ਦਿੱਤੇ ਗਏ “ਭਗਵੰਤ ਸਿਆਂ ਹੁਣ ਤੇਰੀਆਂ ਚੀਕਾਂ ਕਢਵਾਊਂ” ਵਾਲੇ ਬਿਆਨ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਰਾ ਜਵਾਬ ਦਿੱਤਾ ਹੈ। ਮਾਨ ਨੇ ਕਿਹਾ ਕਿ “ਬੜੇ ਆਏ ਚੀਕਾਂ ਵਾਲੇ, ਇਥੇ ਤਾਂ ਆਪਣੀਆਂ ਚੀਕਾਂ ਦੀ ਗਿਣਤੀ ਵੀ ਨਹੀਂ ਆਉਂਦੀ।”
ਮੁੱਖ ਮੰਤਰੀ ਨੇ ਆਗੂ ਮਜੀਠੀਆ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਵਿੱਚ ਨਸ਼ੇ ਦੀ ਆੜ ‘ਚ ਲੱਖਾਂ ਘਰਾਂ ਦੇ ਚਿਰਾਗ ਬੁਝਾ ਦਿੱਤੇ, ਜਿਨ੍ਹਾਂ ਨੇ ਭੈਣਾਂ ਦੀਆਂ ਰੰਗੀਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰ ਦਿੱਤੇ, ਉਹ ਆਪਣੇ ਜੀਵਨ ਨੂੰ ਰੰਗੀਲਾ ਨਹੀਂ ਬਣਾ ਸਕਦੇ।
ਭਗਵੰਤ ਮਾਨ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਲੋਕਾਂ ਨੂੰ ਜ਼ਰੂਰ ਸਜ਼ਾ ਮਿਲੇਗੀ, ਅਤੇ ਉਹ ਵੀ ਇਥੇ ਹੀ – ਕਿਉਂਕਿ ਨਰਕ ਤੇ ਸਵਰਗ ਇਥੇ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋ ਜਿਵੇਂ ਕਰਮ ਕਰੇਗਾ, ਉਹ ਤਿਵੇਂ ਭੋਗੇਗਾ। ਉਨ੍ਹਾਂ ਭਗਤ ਕਬੀਰ ਜੀ ਦਾ ਦੋਹਾ ਵੀ ਦੱਸਿਆ ਅਤੇ ਸਾਫ ਕਿਹਾ, “ਜੇ ਮੈਂ ਵੀ ਗਲਤ ਕੰਮ ਕਰਾਂ ਤਾਂ ਮੈਨੂੰ ਵੀ ਅੰਦਰ ਕਰ ਦਿਓ।”
ਦੂਜੇ ਪਾਸੇ, ਗ੍ਰਿਫਤਾਰੀ ਦੌਰਾਨ ਮਜੀਠੀਆ ਨੇ ਕਿਹਾ ਸੀ, “ਭਗਵੰਤ ਮਾਨ ਜੀ, ਤੁਸੀਂ ਚਾਹੇ ਜਿੰਨੇ ਮਰਜ਼ੀ ਪਰਚੇ ਦਰਜ ਕਰਵਾ ਲਵੋ, ਮੈਂ ਨਾ ਡਰਾਂਗਾ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕੇਗੀ। ਮੈਨੂੰ ਸਦੀਵੀ ਪਰਮਾਤਮਾ ਅਤੇ ਗੁਰੂ ਸਾਹਿਬ ‘ਤੇ ਵਿਸ਼ਵਾਸ ਹੈ।”
ਉਨ੍ਹਾਂ ਮੱਛਾਂ ਨੂੰ ਤਾਅ ਦੇ ਕੇ ਭਾਵੁਕ ਢੰਗ ਨਾਲ ਕਿਹਾ, “ਹੁਣ ਭਗਵੰਤ ਸਿਆਂ ਤੇਰੀਆਂ ਚੀਕਾਂ ਕਢਵਾਊਂਗਾ।” ਇਸੇ ਉੱਤੇ ਮੁੱਖ ਮੰਤਰੀ ਨੇ ਤਿੱਖਾ ਅਤੇ ਸਿੱਧਾ ਜਵਾਬ ਦਿੱਤਾ, ਜੋ ਹੁਣ ਰਾਜਨੀਤਿਕ ਗਲਿਆਰੇ ‘ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
