ਹਸਪਤਾਲ ਵਿਖੇ ਮਨਾਇਆ ਗਿਆ ਮਮਤਾ ਦਿਵਸ, ਬੱਚਿਆਂ ਦੇ ਲੱਗੇ ਟੀਕੇ

67

ਸ਼੍ਰੀ ਅਨੰਦਪੁਰ ਸਾਹਿਬ 15 ਜੁਲਾਈ 2026 AJ DI Awaaj

Punjab Desk :  ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਰੂਪਨਗਰ ਡਾ.ਰਮਨ ਕੁਮਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਸੀਨੀਅਰ ਮੈਡੀਕਲ ਅਫ਼ਸਰ ਡਾ.ਹਰਿੰਦਰ ਸਿੰਘ ਦੀ ਅਗਵਾਈ ਹੇਠ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹਫ਼ਤਾਵਾਰੀ ਟੀਕਾਕਰਨ ਤਹਿਤ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਨਵਜਨਮੇ ਅਤੇ ਛੋਟੇ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਟੀਕੇ ਲਗਾਏ ਗਏ ਅਤੇ ਮਾਵਾਂ ਨੂੰ ਬੱਚਿਆਂ ਦੀ ਸਿਹਤ, ਪੋਸ਼ਣ, ਸਫ਼ਾਈ ਅਤੇ ਸਮੇਂ ਸਿਰ ਟੀਕਾਕਰਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

       ਇਸ ਮੌਕੇ ਡਾ.ਅਪਰਾਜਿਤਾ ਧਰਮਾਣੀ ਨੇ ਪਰਿਵਾਰ ਨਿਯੋਜਨ ਸੰਬੰਧੀ ਜਾਗਰੂਕਤਾ ਪੈਦਾ ਕਰਦਿਆਂ ਕਿਹਾ ਕਿ ਪਰਿਵਾਰ ਨਿਯੋਜਨ ਇੱਕ ਅਜਿਹਾ ਉਪਰਾਲਾ ਹੈ, ਜਿਸ ਰਾਹੀਂ ਹਰ ਜੋੜਾ ਆਪਣੀ ਇੱਛਾ ਅਨੁਸਾਰ ਬੱਚਿਆਂ ਦੀ ਗਿਣਤੀ ਅਤੇ ਦੋ ਬੱਚਿਆਂ ਵਿਚਕਾਰ ਉਚਿਤ ਸਮੇਂ ਦਾ ਫ਼ਾਸਲਾ ਤੈਅ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਮਾਂ ਅਤੇ ਬੱਚੇ ਦੀ ਸਿਹਤ ਬਿਹਤਰ ਰਹਿੰਦੀ ਹੈ ਅਤੇ ਪਰਿਵਾਰ ਨੂੰ ਆਰਥਿਕ ਤੇ ਸਮਾਜਿਕ ਤੌਰ ‘ਤੇ ਵੀ ਮਜ਼ਬੂਤੀ ਮਿਲਦੀ ਹੈ।

      ਉਨ੍ਹਾਂ ਨੇ ਕਿਹਾ ਕਿ ਬੱਚਿਆਂ ਵਿਚਕਾਰ ਸਹੀ ਅੰਤਰ ਰੱਖਣ ਨਾਲ ਜਣੇਪੇ ਦੌਰਾਨ ਮਹਿਲਾਵਾਂ ਨੂੰ ਹੋਣ ਵਾਲੇ ਸਿਹਤ ਖ਼ਤਰਿਆਂ ਵਿੱਚ ਕਮੀ ਆਉਂਦੀ ਹੈ ਅਤੇ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਵੀ ਅਨੁਕੂਲ ਮਾਹੌਲ ਮਿਲਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਨਿਯੋਜਨ ਨਾਲ ਜੁੜੀਆਂ ਗਲਤ ਧਾਰਨਾਵਾਂ ਤੋਂ ਬਚਦੇ ਹੋਏ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

     ਡਾ.ਅਪਰਾਜਿਤਾ ਧਰਮਾਣੀ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਨਿਯੋਜਨ ਲਈ ਸਥਾਈ ਅਤੇ ਅਸਥਾਈ ਦੋਵੇਂ ਤਰ੍ਹਾਂ ਦੇ ਸਾਧਨ ਮੁਫ਼ਤ ਉਪਲਬਧ ਹਨ। ਵਧੇਰੇ ਜਾਣਕਾਰੀ ਲਈ ਲੋਕ ਆਪਣੀ ਨਜ਼ਦੀਕੀ ਸਿਹਤ ਸੰਸਥਾ, ਏ.ਐਨ.ਐਮ. ਜਾਂ ਆਸ਼ਾ ਵਰਕਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸਮੂਹ ਆਸ਼ਾ ਵਰਕਰਾਂ ਅਤੇ ਸਿਹਤ ਕਰਮਚਾਰੀਆਂ ਨੇ ਹਾਜ਼ਰੀ ਲਗਾਈ ਅਤੇ ਟੀਕਾਕਰਨ ਅਤੇ ਜਾਗਰੂਕਤਾ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।