ਸ਼੍ਰੀਲੰਕਾ 12 May 2026 AJ DI Awaaj
International Desk : ਸ਼੍ਰੀਲੰਕਾ ਵਿੱਚ ਸਾਈਬਰ ਅਪਰਾਧ ਖ਼ਿਲਾਫ਼ ਚੱਲ ਰਹੀ ਕਾਰਵਾਈ ਦੌਰਾਨ 173 ਭਾਰਤੀ ਨਾਗਰਿਕਾਂ ਸਮੇਤ ਕਰੀਬ 200 ਵਿਦੇਸ਼ੀ ਗ੍ਰਿ*ਫ਼ਤਾਰ ਕੀਤੇ ਗਏ ਹਨ। ਮੰਗਲਵਾਰ ਨੂੰ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਇਹ ਲੋਕ ਟੂਰਿਸਟ ਵੀਜ਼ੇ ‘ਤੇ ਦੇਸ਼ ਵਿੱਚ ਦਾਖਲ ਹੋਏ ਸਨ ਅਤੇ ਉਨ੍ਹਾਂ ‘ਤੇ ਸਾਈਬਰ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।
ਪੁਲਿਸ ਦੇ ਅਨੁਸਾਰ, ਗ੍ਰਿ*ਫ਼ਤਾਰ ਕੀਤੇ ਗਏ ਜ਼ਿਆਦਾਤਰ ਵਿਅਕਤੀਆਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਕਈ ਲੋਕਾਂ ਦੇ ਟੂਰਿਸਟ ਵੀਜ਼ਿਆਂ ਦੀ ਮਿਆਦ ਖਤਮ ਹੋ ਚੁੱਕੀ ਸੀ, ਪਰ ਉਹ ਫਿਰ ਵੀ ਸ਼੍ਰੀਲੰਕਾ ਵਿੱਚ ਰਹਿ ਰਹੇ ਸਨ। ਉਨ੍ਹਾਂ ‘ਤੇ ਗੈਰ-ਕਾਨੂੰਨੀ ਤੌਰ ‘ਤੇ ਰੁਜ਼ਗਾਰ ਦੀ ਭਾਲ ਕਰਨ, ਟੈਕਸ-ਮੁਕਤ ਸਿਗਰਟ ਰੱਖਣ ਅਤੇ ਸਾਈਬਰ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਜਾਣਗੇ।
ਸੋਮਵਾਰ ਦੇਰ ਰਾਤ ਦੱਖਣੀ ਸੈਰ-ਸਪਾਟਾ ਖੇਤਰਾਂ ਗਾਲੇ, ਹਿੱਕਾਡੂਵਾ ਅਤੇ ਮਿਡੀਗਾਮਾ ਵਿੱਚ ਛਾਪੇਮਾਰੀ ਕਰਕੇ 173 ਭਾਰਤੀਆਂ ਅਤੇ 25 ਨੇਪਾਲੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਕੁੱਲ 198 ਵਿਦੇਸ਼ੀ ਨਾਗਰਿਕਾਂ ਨੂੰ ਪੁਲਿਸ ਨੇ ਗ੍ਰਿ*ਫ਼ਤਾਰ ਕੀਤਾ ਹੈ।
ਇਹ ਕਾਰਵਾਈ ਉਸ ਵੇਲੇ ਹੋਈ ਹੈ ਜਦੋਂ ਪਿਛਲੇ ਹਫ਼ਤੇ ਵੀ ਇਸੇ ਤਰ੍ਹਾਂ ਦੇ ਮਾਮਲੇ ਵਿੱਚ 250 ਚੀਨੀ ਨਾਗਰਿਕਾਂ ਨੂੰ ਗ੍ਰਿ*ਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਦੇ ਅਨੁਸਾਰ, ਇਸ ਸਾਲ ਦੀ ਸ਼ੁਰੂਆਤ ਤੋਂ 5 ਮਈ ਤੱਕ ਸਾਈਬਰ ਅਪਰਾਧ ਦੇ ਦੋਸ਼ਾਂ ਹੇਠ 628 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼*ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਭਾਰਤ, ਚੀਨ, ਵੀਅਤਨਾਮ, ਮਿਆਂਮਾਰ, ਫਿਲੀਪੀਨਜ਼ ਅਤੇ ਕੰਬੋਡੀਆ ਦੇ ਲੋਕ ਸ਼ਾਮਲ ਹਨ।
ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਗਰੁੱਪ ਵੱਡੇ ਅੰਤਰਰਾਸ਼ਟਰੀ ਸਾਈਬਰ ਅਪਰਾਧ ਸਿੰਡੀਕੇਟ ਨਾਲ ਜੁੜੇ ਹੋ ਸਕਦੇ ਹਨ। ਇਹ ਲੋਕ ਡਿਜੀਟਲ ਪਲੇਟਫਾਰਮਾਂ ਅਤੇ ਆਨਲਾਈਨ ਸੰਚਾਰ ਮਾਧਿਅਮਾਂ ਦੀ ਵਰਤੋਂ ਕਰਕੇ ਵਿਦੇਸ਼ਾਂ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ।
ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਲੰਕਾ ਦੀ ਆਸਾਨ ਵੀਜ਼ਾ ਪ੍ਰਣਾਲੀ ਅਤੇ ਵਧੀਆ ਇੰਟਰਨੈੱਟ ਕਨੈਕਟੀਵਿਟੀ ਕਾਰਨ ਅਜਿਹੇ ਗਿਰੋਹਾਂ ਨੂੰ ਦੇਸ਼ ਵਿੱਚ ਸਰਗਰਮ ਹੋਣ ਦਾ ਮੌਕਾ ਮਿਲਿਆ। ਕਈ ਸ਼ੱਕੀ ਥੋੜ੍ਹੇ ਸਮੇਂ ਦੇ ਵੀਜ਼ੇ ‘ਤੇ ਆਏ ਸਨ ਪਰ ਮਿਆਦ ਤੋਂ ਵੱਧ ਸਮੇਂ ਤੱਕ ਰਹਿੰਦੇ ਰਹੇ।














