ਪੰਜਾਬੀ ਸਿਨੇਮਾ ਨੂੰ ਵੱਡਾ ਝਟਕਾ, ਜਸਬੀਰ ਗੋਰਾ ਦਾ ਦੇ*ਹਾਂਤ

1

Mohali 21 Oct 2026 AJ DI Awaaj

Punjab Desk :  ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਜਗਤ ਦੇ ਜਾਣੇ-ਪਛਾਣੇ ਸਿਨੇਮੈਟੋਗ੍ਰਾਫਰ (DOP) ਜਸਬੀਰ ਗੋਰਾ ਬੀਤੀ ਦੇਰ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਅਚਾਨਕ ਦੇ*ਹਾਂਤ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੇ ਆਪਣੀ ਕਲਾ ਅਤੇ ਮਿਹਨਤ ਨਾਲ ਫਿਲਮ ਜਗਤ ਵਿੱਚ ਵਿਸ਼ੇਸ਼ ਪਛਾਣ ਬਣਾਈ ਸੀ।

‘ਨੌਰਥ ਜ਼ੋਨ ਫਿਲਮ ਐਂਡ ਟੀਵੀ ਸਿਨੇਮੈਟੋਗ੍ਰਾਫਰਜ਼ ਐਸੋਸੀਏਸ਼ਨ’ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ, ਸ਼ਿਵਤਾਰ ਸ਼ਿਵ, ਕਰਨ ਬਰਾੜ ਅਤੇ ਸੰਸਥਾ ਦੇ ਹੋਰ ਮੈਂਬਰਾਂ ਨੇ ਜਸਬੀਰ ਗੋਰਾ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਸਬੀਰ ਗੋਰਾ ਦੀਆਂ ਯਾਦਾਂ ਹਮੇਸ਼ਾ ਸਭ ਦੇ ਦਿਲਾਂ ਵਿੱਚ ਵੱਸਦੀਆਂ ਰਹਿਣਗੀਆਂ।

ਮੋਹਾਲੀ ਵਿੱਚ ਹੋਵੇਗਾ ਅੰਤਿਮ ਸੰ*ਸਕਾਰ

ਪਰਿਵਾਰਕ ਸੂਤਰਾਂ ਅਨੁਸਾਰ, ਜਸਬੀਰ ਗੋਰਾ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 1 ਵਜੇ ਮੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਜਸਬੀਰ ਗੋਰਾ ਨੇ ਪੰਜਾਬੀ ਫਿਲਮ ਜਗਤ ਵਿੱਚ ਇੱਕ ਸਤਿਕਾਰਯੋਗ ਸ਼ਖ਼ਸੀਅਤ ਵਜੋਂ ਆਪਣੀ ਪਛਾਣ ਬਣਾਈ ਸੀ। ਉਨ੍ਹਾਂ ਦੇ ਅਹਿਮ ਪ੍ਰੋਜੈਕਟਾਂ ਵਿੱਚ ‘ਮਿੱਟੀ ਦਾ ਬਾਵਾ’ (2019), ‘ਮਜ਼ਦੂਰ’ ਅਤੇ ‘ਸ਼ੌਂਕੀ ਸਰਦਾਰ’ (2025) ਸ਼ਾਮਲ ਹਨ।

ਰਤਨ ਔਲਖ ਨੇ ਪ੍ਰਗਟਾਇਆ ਦੁੱਖ

ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਰਤਨ ਔਲਖ ਨੇ ਜਸਬੀਰ ਗੋਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਛੋੜਾ ਪੰਜਾਬੀ ਸਿਨੇਮਾ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਜਸਬੀਰ ਇੱਕ ਬਿਹਤਰੀਨ ਸਿਨੇਮੈਟੋਗ੍ਰਾਫਰ ਹੋਣ ਦੇ ਨਾਲ-ਨਾਲ ਇੱਕ ਚੰਗੇ ਇਨਸਾਨ ਵੀ ਸਨ। ਉਨ੍ਹਾਂ ਨੂੰ ਜਸਬੀਰ ਗੋਰਾ ਨਾਲ ਕਈ ਫਿਲਮੀ ਪ੍ਰੋਜੈਕਟਾਂ ’ਤੇ ਕੰਮ ਕਰਨ ਦਾ ਮੌਕਾ ਮਿਲਿਆ।

ਰਤਨ ਔਲਖ ਨੇ ਦੱਸਿਆ ਕਿ 31 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਖੇ ਇੱਕ ਫਿਲਮ ਦੀ ਸ਼ੂਟਿੰਗ ਲਈ ਦੋਵਾਂ ਨੇ ਮੁੜ ਇਕੱਠੇ ਕੰਮ ਕਰਨਾ ਸੀ, ਪਰ ਜਸਬੀਰ ਗੋਰਾ ਦੇ ਅਚਾਨਕ ਦੇ*ਹਾਂਤ ਕਾਰਨ ਇਹ ਯੋਜਨਾ ਅਧੂਰੀ ਰਹਿ ਗਈ।

ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।