ਅਦਾਲਤੀ ਹੁਕਮਾਂ ਦੀ ਅਣਦੇਖੀ ‘ਤੇ ਵੱਡੀ ਕਾਰਵਾਈ! ਫ਼ਾਜ਼ਿਲਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ

17

3November 2025 Aj Di Awaaj

Punjab Desk ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ, ਫ਼ਾਜ਼ਿਲਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਹੈ। ਇਹ ਫ਼ੈਸਲਾ ਚੈਕ ਬਾਊਂਸ ਮਾਮਲੇ ਨਾਲ ਸੰਬੰਧਿਤ ਹੈ। ਇਸ ਸਬੰਧੀ ਆਦੇਸ਼ ਜਲਾਲਾਬਾਦ ਦੀ ਜੂਡੀਸ਼ੀਅਲ ਮੈਜਿਸਟ੍ਰੇਟ (ਦਰਜਾ ਅਵਲ) ਜਸ਼ਨਪ੍ਰੀਤ ਕੌਰ ਦੀ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ, ਫ਼ਾਜ਼ਿਲਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮਹਿੰਦਰ ਸਿੰਘ ਕਚੂਰਾ ਨੇ ਕੁਝ ਸਮਾਂ ਪਹਿਲਾਂ ਜਲਾਲਾਬਾਦ ਦੇ ਮੈਸਰਜ਼ ਬਜਾਜ ਲਾਈਟ ਹਾਊਸ ਤੋਂ ਬਿਜਲੀ ਦਾ ਸਾਮਾਨ ਖਰੀਦਿਆ ਸੀ। ਇਸ ਦੇ ਬਦਲੇ ਉਹਨਾਂ ਵੱਲੋਂ ਇੱਕ ਚੈੱਕ ਦਿੱਤਾ ਗਿਆ ਸੀ, ਪਰ ਜਦੋਂ ਦੁਕਾਨਦਾਰ ਨੇ ਉਹ ਚੈੱਕ ਬੈਂਕ ਵਿੱਚ ਲਗਾਇਆ, ਤਾਂ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਉਹ ਬਾਊਂਸ ਹੋ ਗਿਆ।

ਦੁਕਾਨਦਾਰ ਨੇ ਕਈ ਵਾਰ ਸੰਪਰਕ ਕਰਕੇ ਪੈਸੇ ਮੰਗੇ, ਪਰ ਹਰ ਵਾਰ ਟਾਲਮਟੋਲ ਦਾ ਜਵਾਬ ਮਿਲਿਆ। ਅੰਤ ਵਿੱਚ ਉਸਨੇ ਅਦਾਲਤ ਵਿੱਚ ਚੈਕ ਬਾਊਂਸ ਦਾ ਕੇਸ ਦਰਜ ਕਰਵਾ ਦਿੱਤਾ।

ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਚੇਅਰਮੈਨ ਖ਼ਿਲਾਫ਼ ਕਈ ਵਾਰ ਜ਼ਮਾਨਤੀ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ, ਪਰ ਉਹ ਹਾਜ਼ਰ ਨਾ ਹੋਏ। ਇਸ ਕਰਕੇ ਹੁਣ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਹੈ। ਇਸ ਘਟਨਾ ਦੀ ਇਲਾਕੇ ਵਿੱਚ ਚਰਚਾ ਹੈ। ਇਸ ਮਾਮਲੇ ‘ਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਹੋ ਸਕਿਆ।