ਮਾਲੇਰਕੋਟਲਾ 03 ਅਕਤੂਬਰ 2025 AJ DI Awaaj
Punjab Desk : ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਉੱਜਵਲਾ ਕਮੇਟੀ ਦੀ ਮੀਟਿੰਗ ਹੋਈ।ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਗੋਰਵ ਜੋਸ਼ੀ,ਦੇਵਵਾਂਸ ਕਨੋਜੀਆਂ, ਆਯੁਸ ਚੋਹਾਨ ਅਤੇ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਮੌਜੂਦ ਸਨ ।
ਜ਼ਿਲ੍ਹਾ ਨੋਡਲ ਅਫ਼ਸਰ ਗੋਰਵ ਜੋਸ਼ੀ ਨੇ ਕਮੇਟੀ ਮੈਂਬਰਾਂ ਨੂੰ ਅਵਗਤ ਕਰਵਾਇਆ ਕਿ ਭਾਰਤ ਸਰਕਾਰ ਵਲੋਂ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਉੱਜਵਲਾ ਸਕੀਮ-3.0 ਤਹਿਤ ਪੂਰੇ ਭਾਰਤ ਵਿਚ 25 ਲੱਖ ਐੱਲ.ਪੀ.ਜੀ ਗੈਸ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਜਿਸ ਵਿੱਚੋਂ ਮਾਲੇਰਕੋਟਲਾ ਜ਼ਿਲ੍ਹੇ ਵਿੱਚੋਂ ਕਰੀਬ 10 ਹਜਾਰ ਐੱਲ.ਪੀ.ਜੀ ਗੈਸ ਕੁਨੈਕਸ਼ਨ ਤਕਸ਼ੀਮ ਕੀਤੇ ਜਾਣਗੇ ।
ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ, ਜਿਸਦਾ ਉਦੇਸ਼ ਸਾਫ਼ ਅਤੇ ਸਸਤੇ ਰਸੋਈ ਬਾਲਣ ਰਾਹੀਂ ਔਰਤਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣਾ ਹੈ।ਉਨ੍ਹਾਂ ਦੱਸਿਆ ਕਿ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਨੂੰ ਐਲ.ਪੀ.ਜੀ ਕੁਨੈਕਸ਼ਨ ਪ੍ਰਦਾਨ ਕਰਕੇ ਲੱਖਾਂ ਲੋਕਾਂ ਦੇ ਜੀਵਨ ਨੂੰ ਛੂਹਣ ਵਾਲੀ ਉੱਜਵਲਾ ਗੈਸ ਕੁਨੈਕਸ਼ਨ ਯੋਜਨਾ ਇੱਕ ਸ਼ਾਨਦਾਰ ਸਫਲਤਾ ਰਹੀ ਹੈ। ਇਸ ਪਹਿਲਕਦਮੀ ਨੇ ਨਾ ਸਿਰਫ਼ ਘਰ ਦੇ ਅੰਦਰਲੇ ਹਵਾ ਪ੍ਰਦੂਸ਼ਣ ਨੂੰ ਘਟਾ ਕੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ, ਸਗੋਂ ਔਰਤਾਂ ਨੂੰ ਰਵਾਇਤੀ ਖਾਣਾ ਪਕਾਉਣ ਦੇ ਤਰੀਕਿਆਂ ਅਤੇ ਉਨ੍ਹਾਂ ਨਾਲ ਜੁੜੇ ਸਿਹਤ ਖ਼ਤਰਿਆਂ ਤੋਂ ਮੁਕਤ ਕਰਕੇ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਨਵਾਂ ਗੈਸ ਕੁਨੈਕਸ਼ਨ ਮੁਫਤ ਦਿੱਤਾ ਜਾਵੇਗਾ ਜਿਸ ਵਿਚ ਭਰਿਆ ਹੋਇਆ ਗੈਸ ਸੈਲੰਡਰ ਅਤੇ ਗੈਸ ਚੁੱਲਾ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਲੋੜਵੰਦ ਔਰਤਾਂ ਜਿਨਾਂ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਪਹਿਲਾਂ ਕੋਈ ਗੈਸ ਕੁਨੈਕਸ਼ਨ ਨਹੀਂ ਹੈ ਉਹ ਇਸ ਸਕੀਮ ਦਾ ਲਾਭ ਲੈਣ ਲਈ ਨਜ਼ਦੀਕੀ ਗੈਸ ਏਜੰਸੀਆਂ ਵਿਖੇ ਪਹੁੰਚ ਕਰ ਸਕਦੇ ਹਨ ਜਾਂ www.PMUY.gov.in ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।














