19 ਜਨਵਰੀ, 2026 ਅਜ ਦੀ ਆਵਾਜ਼
Chandigarh Desk: ਡਿਜ਼ਿਟਲ ਯੁੱਗ ਵਿੱਚ ਤੇਜ਼ੀ ਨਾਲ ਵਧ ਰਹੇ ਸਾਇਬਰ ਅਪਰਾਧਾਂ ’ਤੇ ਕਾਬੂ ਪਾਉਂਦੇ ਹੋਏ ਚੰਡੀਗੜ੍ਹ ਸਾਇਬਰ ਕ੍ਰਾਈਮ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ‘ਆਪਰੇਸ਼ਨ ਮਿਊਲ ਹੰਟ’ ਤਹਿਤ 9 ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸਾਇਬਰ ਠੱਗਾਂ ਨੂੰ ਕਿਰਾਏ ’ਤੇ ਆਪਣੇ ਬੈਂਕ ਖਾਤੇ ਦੇ ਕੇ ਠੱਗੀ ਦੀ ਰਕਮ ਦੇ ਲੈਣ-ਦੇਣ ਵਿੱਚ ਮਦਦ ਕਰ ਰਹੇ ਸਨ। ਇਸ ਦੇ ਬਦਲੇ ਉਨ੍ਹਾਂ ਨੂੰ ਵੱਡਾ ਕਮਿਸ਼ਨ ਦਿੱਤਾ ਜਾਂਦਾ ਸੀ।
ਚੰਡੀਗੜ੍ਹ ਸਾਇਬਰ ਕ੍ਰਾਈਮ ਪੁਲਿਸ ਮੁਤਾਬਕ, ਸਾਇਬਰ ਠੱਗ ਠੱਗੀ ਨਾਲ ਹਾਸਲ ਕੀਤੀ ਰਕਮ ਨੂੰ ਲੁਕਾਉਣ ਅਤੇ ਕੱਢਣ ਲਈ ਦੂਜਿਆਂ ਦੇ ਬੈਂਕ ਖਾਤਿਆਂ ਦੀ ਵਰਤੋਂ ਕਰਦੇ ਹਨ। ਇਹ ਗ੍ਰਿਫ਼ਤਾਰ ਨੌਜਵਾਨ ਵੀ ਇਸੀ ਨੈੱਟਵਰਕ ਦਾ ਹਿੱਸਾ ਬਣ ਕੇ ਆਪਣੇ ਖਾਤੇ ਠੱਗਾਂ ਨੂੰ ਉਪਲਬਧ ਕਰਵਾ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ 9 ਆਰੋਪੀਆਂ ਵਿੱਚੋਂ 7 ਚੰਡੀਗੜ੍ਹ ਅਤੇ 2 ਮੋਹਾਲੀ ਦੇ ਰਹਿਣ ਵਾਲੇ ਹਨ। ਸਾਰੇ ਆਰੋਪੀ 20 ਤੋਂ 26 ਸਾਲ ਦੀ ਉਮਰ ਦੇ ਹਨ।
ਐਸਪੀ ਗੀਤਾਂਜਲੀ ਖੰਡੇਲਵਾਲ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਸੈਕਟਰ-17 ਸਥਿਤ ਸਾਇਬਰ ਕ੍ਰਾਈਮ ਥਾਣਾ ਪੁਲਿਸ ਨੇ ਇਕ ਸੁਠੇਜਿਤ ਸਾਇਬਰ ਅਪਰਾਧ ਨੈੱਟਵਰਕ ’ਤੇ ਕਾਰਵਾਈ ਕਰਦਿਆਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਰੋਪੀਆਂ ਦੇ ਬੈਂਕ ਖਾਤਿਆਂ ਵਿੱਚ ਠੱਗੀ ਦੀ ਰਕਮ ਟਰਾਂਸਫਰ ਕੀਤੀ ਜਾਂਦੀ ਸੀ, ਜਿਸ ਨੂੰ ਕਮਿਸ਼ਨ ਕੱਟ ਕੇ ਅੱਗੇ ਸਾਇਬਰ ਠੱਗਾਂ ਤੱਕ ਪਹੁੰਚਾਇਆ ਜਾਂਦਾ ਸੀ। ਇਹ ਪੂਰਾ ਨੈੱਟਵਰਕ ਲੇਅਰਿੰਗ ਅਤੇ ਗੈਰਕਾਨੂੰਨੀ ਨਿਕਾਸੀ ਵਿੱਚ ਸ਼ਾਮਲ ਸੀ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਤੋਂ ਕੁਝ ਸ਼ੱਕੀ ਬੈਂਕ ਖਾਤੇ ਆਪਰੇਟ ਹੋ ਰਹੇ ਹਨ, ਜਿਨ੍ਹਾਂ ਦੀ ਵਰਤੋਂ ਸਾਇਬਰ ਠੱਗੀ ਲਈ ਕੀਤੀ ਜਾ ਰਹੀ ਹੈ। ਲੰਮੇ ਸਮੇਂ ਤੱਕ ਨਿਗਰਾਨੀ ਤੋਂ ਬਾਅਦ ‘ਆਪਰੇਸ਼ਨ ਮਿਊਲ ਹੰਟ’ ਤਹਿਤ ਕਾਰਵਾਈ ਕਰਕੇ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਆਰੋਪੀਆਂ ਦੀ ਪਛਾਣ ਮੌਲੀਜਾਗਰਾ ਨਿਵਾਸੀ 22 ਸਾਲਾ ਰਿਤਿਕ, 20 ਸਾਲਾ ਰਿਥਮ, ਮੋਹਾਲੀ ਨਿਵਾਸੀ 25 ਸਾਲਾ ਆਕਾਸ਼, ਮੌਲੀਜਾਗਰਾ ਨਿਵਾਸੀ 22 ਸਾਲਾ ਮੁਹੰਮਦ ਦਾਨਿਸ਼, ਸੈਕਟਰ-41 ਨਿਵਾਸੀ 25 ਸਾਲਾ ਅਰਚਿਤ, ਸੈਕਟਰ-25 ਨਿਵਾਸੀ 20 ਸਾਲਾ ਚਰਨਦਾਸ, ਸੈਕਟਰ-45 ਬੁੜੈਲ ਨਿਵਾਸੀ 26 ਸਾਲਾ ਮੁਹੰਮਦ ਤੋਸ਼ਿਕ, ਪਿੰਡ ਫੇਦਾ ਨਿਜ਼ਾਮਪੁਰ ਨਿਵਾਸੀ 21 ਸਾਲਾ ਦਿਲਪ੍ਰੀਤ ਅਤੇ ਮੋਹਾਲੀ ਨਿਵਾਸੀ 23 ਸਾਲਾ ਅੰਕਿਤ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਰਿਤਿਕ, ਮੁਹੰਮਦ ਦਾਨਿਸ਼, ਮੁਹੰਮਦ ਤੋਸ਼ਿਕ ਅਤੇ ਅੰਕਿਤ ਦੇ ਖ਼ਿਲਾਫ਼ ਪਹਿਲਾਂ ਵੀ ਇੱਕ-ਇੱਕ ਮਾਮਲਾ ਦਰਜ ਪਾਇਆ ਗਿਆ ਹੈ।
ਸਾਇਬਰ ਪੁਲਿਸ ਦੀ ਅਪੀਲ:
ਚੰਡੀਗੜ੍ਹ ਪੁਲਿਸ ਦੀ ਸਾਇਬਰ ਟੀਮ ਨੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਕਿਸੇ ਵੀ ਅਣਜਾਣ ਕਾਲ, ਲਿੰਕ, ਈਮੇਲ ਜਾਂ ਵੈੱਬਸਾਈਟ ’ਤੇ ਭਰੋਸਾ ਨਾ ਕੀਤਾ ਜਾਵੇ। ਓਟੀਪੀ, ਬੈਂਕ ਡਿਟੇਲਾਂ ਜਾਂ ਨਿੱਜੀ ਦਸਤਾਵੇਜ਼ ਕਿਸੇ ਨਾਲ ਸਾਂਝੇ ਨਾ ਕਰੋ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਸਾਇਬਰ ਹੈਲਪਲਾਈਨ ਜਾਂ ਨਜ਼ਦੀਕੀ ਪੁਲਿਸ ਥਾਣੇ ਨੂੰ ਦਿਓ।
Related














