ਨੇਪਾਲ 03 Jan 2026 AJ DI Awaaj
National Desk : ਨੇਪਾਲ ਦੇ ਭਦਰਪੁਰ ਏਅਰਪੋਰਟ ‘ਤੇ ਸ਼ੁੱਕਰਵਾਰ ਰਾਤ ਇੱਕ ਵੱਡਾ ਹਵਾਈ ਹਾਦਸਾ ਟਲ ਗਿਆ। ਬੁੱਧ ਏਅਰ ਦਾ ਇੱਕ ਯਾਤਰੀ ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਅੱਗੇ ਨਿਕਲ ਗਿਆ। ਜਹਾਜ਼ ਵਿੱਚ 55 ਯਾਤਰੀਆਂ ਸਮੇਤ 4 ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਅਧਿਕਾਰੀਆਂ ਮੁਤਾਬਕ ਜਹਾਜ਼ ਕਾਠਮੰਡੂ ਤੋਂ ਭਦਰਪੁਰ ਆ ਰਿਹਾ ਸੀ। ਰਾਤ ਕਰੀਬ 9 ਵਜੇ ਲੈਂਡਿੰਗ ਸਮੇਂ ਜਹਾਜ਼ ਰਨਵੇ ਤੋਂ ਫਿਸਲ ਗਿਆ ਅਤੇ ਲਗਭਗ 200 ਮੀਟਰ ਅੱਗੇ ਇੱਕ ਛੋਟੀ ਨਦੀ ਕੋਲ ਜਾ ਕੇ ਰੁਕਿਆ। ਇਸ ਦੌਰਾਨ ਜਹਾਜ਼ ਨੂੰ ਮਾਮੂਲੀ ਨੁਕਸਾਨ ਵੀ ਪਹੁੰਚਿਆ।
ਰਿਪੋਰਟ ਅਨੁਸਾਰ ਬੁੱਧ ਏਅਰ ਦੀ ਫਲਾਈਟ ਨੰਬਰ 901 ਨੇ ਰਾਤ 8.23 ਵਜੇ ਕਾਠਮੰਡੂ ਤੋਂ ਉਡਾਣ ਭਰੀ ਸੀ। ਜਹਾਜ਼ ਦੀ ਕਮਾਨ ਕੈਪਟਨ ਸ਼ੈਲੇਸ਼ ਲਿੰਬੂ ਕੋਲ ਸੀ। ਰਾਤ 9.08 ਵਜੇ ਜਦੋਂ ਜਹਾਜ਼ ਝਾਪਾ ਜ਼ਿਲ੍ਹੇ ਦੇ ਭਦਰਪੁਰ ਏਅਰਪੋਰਟ ‘ਤੇ ਉਤਰਾ, ਤਦ ਇਹ ਰਨਵੇ ‘ਤੇ ਫਿਸਲ ਗਿਆ।
ਘਟਨਾ ਮਗਰੋਂ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ, ਪਰ ਪਾਇਲਟ ਦੀ ਸੂਝਬੂਝ ਅਤੇ ਕਰੂ ਮੈਂਬਰਾਂ ਦੀ ਤੁਰੰਤ ਕਾਰਵਾਈ ਨਾਲ ਵੱਡਾ ਸੰਕਟ ਟਲ ਗਿਆ।
ਤ੍ਰਿਭੂਵਣ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਰਿੰਜੀ ਸ਼ੇਰਪਾ ਨੇ ਦੱਸਿਆ ਕਿ ਜਹਾਜ਼ ਚਿੱਕੜ ਅਤੇ ਘਾਹ ਵਾਲੇ ਖੇਤਰ ਵਿੱਚ ਚਲਾ ਗਿਆ ਸੀ, ਜਿਸ ਕਾਰਨ ਉਸ ਨੂੰ ਹਲਕਾ ਨੁਕਸਾਨ ਹੋਇਆ। ਉੱਥੇ ਹੀ ਝਾਪਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਸ਼ਿਵਰਾਮ ਗੇਲਾਲ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।












