ਸ੍ਰੀ ਅਨੰਦਪੁਰ ਸਾਹਿਬ 27 ਫਰਵਰੀ 2026 AJ DI Awaaj
Punjab Desk : ਪੰਜਾਬ ਸਰਕਾਰ ਦੀ “ਸਿੱਖਿਆ ਕ੍ਰਾਂਤੀ” ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ 6 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ “ਸਕੂਲ ਆਫ ਹੈਪੀਨੈਸ” ਦੀ ਇਮਾਰਤ ਦਾ ਪਹਿਲਾ ਲੈਂਟਰ ਪਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਅਰਦਾਸ ਕਰਕੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ ਅਤੇ ਸਿੱਖਿਆ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਹ ਸਕੂਲ ਪੰਜਾਬ ਦਾ ਪਹਿਲਾ ਅਤੇ ਸਭ ਤੋਂ ਵੱਡਾ ਪ੍ਰਾਇਮਰੀ ਪੱਧਰ ਦਾ “ਸਕੂਲ ਆਫ ਹੈਪੀਨੈਸ” ਹੋਵੇਗਾ, ਜੋ ਬੱਚਿਆਂ ਦੀ ਸਮੁੱਚੀ ਵਿਕਾਸ ਯਾਤਰਾ ਲਈ ਮੀਲ ਪੱਥਰ ਸਾਬਤ ਹੋਵੇਗਾ।
ਸਿੱਖਿਆ ਮੰਤਰੀ ਵੱਲੋਂ ਪਹਿਲਾਂ ਕੀਤਾ ਗਿਆ ਵਾਅਦਾ ਅੱਜ ਹਕੀਕਤ ਬਣਦਾ ਦਿੱਖਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਗੰਭੀਰਪੁਰ ਖੇਤਰ ਵਿੱਚ ਇੱਕ ਅਜਿਹੇ ਆਧੁਨਿਕ ਸਕੂਲ ਦੀ ਲੋੜ ਸੀ, ਜੋ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਰਚਨਾਤਮਕ ਗਤਿਵਿਧੀਆਂ ਲਈ ਵੀ ਉਚਿਤ ਮਾਹੌਲ ਮੁਹੱਈਆ ਕਰਵਾ ਸਕੇ। ਸਕੂਲ ਦੀ ਨਿਰਮਾਣ ਪ੍ਰਕਿਰਿਆ ਸ਼ੁਰੂ ਹੋਣ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਲੋਕਾਂ ਨੂੰ ਉਮੀਦ ਹੈ ਕਿ ਇਹ ਸੰਸਥਾ ਸਰਕਾਰੀ ਸਕੂਲਾਂ ਦੀ ਸੁਰਤ ਬਦਲ ਦੇਵੇਗੀ।
ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਇਸ ਸਕੂਲ ਵਿੱਚ ਬੱਚਿਆਂ ਲਈ ਵੱਡੀ ਲਾਇਬ੍ਰੇਰੀ, ਮਲਟੀਪਰਪਜ਼ ਹਾਲ, ਹਰਾ-ਭਰਾ ਗ੍ਰੀਨ ਏਰੀਆ, ਖੇਡਾਂ ਲਈ ਵਿਸ਼ਾਲ ਪਲੇਇੰਗ ਏਰੀਆ, ਕਿਚਨ ਅਤੇ ਹੋਰ ਆਧੁਨਿਕ ਸੁਵਿਧਾਵਾਂ ਉਪਲੱਬਧ ਹੋਣਗੀਆਂ। ਨਵੀਂ ਟੈਕਨਾਲੋਜੀ ਦੇ ਜ਼ਰੀਏ ਪੜ੍ਹਾਈ ਕਰਵਾਈ ਜਾਵੇਗੀ, ਤਾਂ ਜੋ ਬੱਚਿਆਂ ਦੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ ਨੂੰ ਵੀ ਬਰਾਬਰ ਤੌਰ ’ਤੇ ਉਤਸ਼ਾਹ ਮਿਲ ਸਕੇ। ਖੇਡ-ਅਧਾਰਿਤ ਸਿੱਖਣ ਮਾਡਲ ਅਤੇ ਰਚਨਾਤਮਕ ਗਤਿਵਿਧੀਆਂ ਰਾਹੀਂ ਬੱਚਿਆਂ ਵਿੱਚ ਆਤਮ-ਵਿਸ਼ਵਾਸ ਅਤੇ ਨੇਤ੍ਰਿਤਵ ਗੁਣ ਵਿਕਸਿਤ ਕਰਨ ’ਤੇ ਖਾਸ ਧਿਆਨ ਦਿੱਤਾ ਜਾਵੇਗਾ।
ਇਸ ਪ੍ਰੋਜੈਕਟ ਨੂੰ “ਸਿੱਖਿਆ ਕ੍ਰਾਂਤੀ” ਦੀ ਮੂੰਹ ਬੋਲਦੀ ਤਸਵੀਰ ਕਰਾਰ ਦਿੰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਮਾਡਲ ਸਕੂਲਾਂ ਤੋਂ ਵੀ ਬਿਹਤਰ ਸਿੱਖਿਆ ਮਿਲੇਗੀ। ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਹੈ ਕਿ “ਸਕੂਲ ਆਫ ਹੈਪੀਨੈਸ” ਸਿਰਫ਼ ਗੰਭੀਰਪੁਰ ਹੀ ਨਹੀਂ, ਸਗੋਂ ਪੂਰੇ ਖੇਤਰ ਲਈ ਪ੍ਰੇਰਣਾਸਰੋਤ ਬਣੇਗਾ ਅਤੇ ਪੰਜਾਬ ਵਿੱਚ ਗੁਣਵੱਤਾਪੂਰਨ ਸਰਕਾਰੀ ਸਿੱਖਿਆ ਨੂੰ ਨਵੀਂ ਦਿਸ਼ਾ ਦੇਵੇਗਾ।
ਇਸ ਮੌਕੇ ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ, ਜਸਪ੍ਰੀਤ ਜੇ.ਪੀ, ਅੰਕੁਸ਼ ਪਾਠਕ, ਸਰਪੰਚ ਐਡ.ਮੀਨਾ ਕਾਲੀਆ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।














