ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਨੇ ਝੋਨੇ ਦੇ ਮਧਰੇਪਣ ਰੋਗ ਦੀ ਰੋਕਥਾਮ ਬਾਰੇ ਕਰਵਾਈ ਕਿਸਾਨ ਸਾਇੰਸਦਾਨ ਵਿਚਾਰ ਗੋਸ਼ਟੀ

5

ਹੁਸ਼ਿਆਰਪੁਰ, 14 ਮਈ 2026 Aj Di Awaaj 

Punjab Desk:   ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵੱਲੋਂ ਪੌਦਾ ਰੋਗ ਵਿਭਾਗ, ਪੀ.ਏ.ਯੂ., ਲੁਧਿਆਣਾ ਦੇ ਸਹਿਯੋਗ ਨਾਲ ਬੀਤੇ ਦਿਨੀਂ ਕੇ.ਵੀ.ਕੇ. ਵਿਖੇ ਝੋਨੇ ਦੇ ਮਧਰੇਪਣ ਰੋਗ ਦੀ ਰੋਕਥਾਮ ਬਾਬਤ ਕਿਸਾਨ ਸਾਇੰਸਦਾਨ ਵਿਚਾਰ ਗੋਸ਼ਟੀ ਕਰਵਾਈ ਗਈ।

 ਗੋਸ਼ਟੀ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਸ ਟਿੱਡੇ ਦਾ ਜੀਵਨ ਚੱਕਰ ਤੋੜਣ ਲਈ ਪਾਣੀ ਦੀਆਂ ਖਾਲੀਆਂ ਅਤੇ ਖੇਤਾਂ ਦੇ ਬੰਨਿਆਂ ਦੁਆਲੇ ਉੱਗੇ ਨਦੀਨਾਂ ਦੀ ਸਮੇਂ ਸਿਰ ਸਫਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਕੀੜੇ ਦਾ ਪਨੀਰੀ ਵਿੱਚ ਲਗਾਤਾਰ ਸਰਵੇਖਣ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਸਕੇ।  ਡਾ. ਸੰਧੂ ਨੇ ਇਹ ਵੀ ਕਿਹਾ ਕਿ ਕੰਢੀ ਇਲਾਕੇ ਵਿੱਚ ਇਸ ਰੋਗ ਦਾ ਹੋਰ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਪਿਛਲੇ ਸਾਲ ਦੌਰਾਨ ਇੱਥੇ ਇਸ ਰੋਗ ਦਾ ਹਮਲਾ ਜ਼ਿਆਦਾ ਦੇਖਣ ਵਿੱਚ ਆਇਆ ਸੀ।

 ਪੀ.ਏ.ਯੂ. ਦੇ ਪਸਾਰ ਵਿਗਿਆਨੀ (ਪੌਦਾ ਰੋਗ ਵਿਗਿਆਨ) ਡਾ. ਅਮਰਜੀਤ ਸਿੰਘ ਅਤੇ ਪ੍ਰਮੁੱਖ ਪੌਦਾ ਬੈਕਟੀਰੀਓਲੋਜਿਸਟ, ਪੌਦਾ ਰੋਗ ਵਿਭਾਗ, ਡਾ. ਮਨਦੀਪ ਸਿੰਘ ਹੂੰਜਣ ਨੇ ਤਕਨੀਕੀ ਮਾਹਿਰ ਵਜੋਂ ਗੋਸ਼ਟੀ ਵਿਚ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਇਸ ਫ਼ਸਲੀ ਰੋਗ ਦੀ ਰੋਕਥਾਮ ਲਈ ਮਾਹਰਾਂ ਵਲੋਂ ਸਮੇਂ ਸਮੇਂ ਸਿਰ ਦਿੱਤੀ ਜਾਂਦੀ ਸਲਾਹ ਨੂੰ ਇੰਨ-ਬਿੰਨ ਅਪਣਾਉਣ ਦਾ ਸੱਦਾ ਦਿੱਤਾ।

ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ  ਨੇ ਪਹੁੰਚੇ ਮਹਿਮਾਨਾਂ ਅਤੇ ਕਿਸਾਨਾਂ ਦਾ ਸਵਾਗਤ ਕਰਦਿਆਂ ਸਹੀ ਸਮੇਂ ‘ਤੇ ਇਸ ਬਿਮਾਰੀ ਦੇ ਰੋਕਥਾਮ ਬਾਰੇ ਜਾਗਰੂਕਤਾ ਅਤੇ ਜਾਣਕਾਰੀ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਝੋਨੇ ਤੇ ਬਾਸਮਤੀ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਅਪਣਾਉਣ ਬਾਰੇ ਕਿਹਾ, ਜੋ ਕਿ ਫ਼ਸਲਾਂ ਵਿੱਚ ਬਿਮਾਰੀਆਂ ਤੇ ਕੀੜੇ ਦੇ ਘੱਟ ਹਮਲੇ ਵਿੱਚ ਮਦਦ ਕਰਦੀ ਹੈ। ਉਨ੍ਹਾਂ ਨੇ ਝੋਨੇ ਤੇ ਬਾਸਮਤੀ ਦੇ ਸਰਵਪੱਖੀ ਕੀਟ ਪ੍ਰਬੰਧਨ ਵਿੱਚ ਬੀਜ ਸੌਧ ਦੀ ਅਹਿਮੀਅਤ ਬਾਰੇ ਵੀ ਚਾਨਣਾ ਪਾਇਆ। ਮਾਹਿਰਾਂ ਨੇ ਕਿਸਾਨਾਂ ਨਾਲ ਪੰਜਾਬ ਵਿਚ ਝੋਨੇ ਦੇ ਮਧਰੇਪਣ ਦੇ ਰੋਗ ਦੀ ਪਹਿਚਾਣ ਤੇ ਵਾਧੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਚਿੱਟੀ ਪਿੱਠ ਵਾਲੇ ਟਿੱਡੇ ਨਾਲ ਫੈਲਦੀ ਹੈ ਅਤੇ ਇਸ ਦਾ ਮੁਹਿੰਮ ਰੂਪ ਵਿੱਚ ਪ੍ਰਬੰਧ ਕਰਨ ਦੀ ਲੋੜ ਹੈ। ਇਹ ਪ੍ਰਬੰਧਂ ਝੋਨੇ ਦੀ ਪਨੀਰੀ ਦੌਰਾਨ ਸਭ ਤੋਂ ਜ਼ਰੂਰੀ ਹੈ ਪਰ ਪਨੀਰੀ ਦੀ ਲੁਆਈ ਤੋਂ ਬਾਦ ਵੀ ਇਸ ਦਾ ਧਿਆਣ ਰੱਖਣ ਦੀ ਲੋੜ ਹੈ। ਮਾਹਿਰਾਂ ਨੇ ਝੋਨੇ ਦੀ ਅਗੇਤੀ ਪਨੀਰੀ ਲੁਆਈ ਤੋਂ ਗੁਰੇਜ਼ ਕਰਣ ‘ਤੇ ਜ਼ੋਰ ਦਿੱਤਾ, ਜੋ ਕਿ ਇਸ ਰੋਗ ਦੇ ਜ਼ਿੰਮੇਵਾਰ ਰੋਗਾਣੂੰਆਂ ਨੂੰ ਫੈਲਣ ਅਤੇ ਵਧਾਉਣ ਵਿਚ ਸਹਾਈ ਹੁੰਦੀ ਹੈ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਵਿਚ ਮੌਜੂਦਾ ਸਮੇਂ ਬੀਜੀਆਂ ਜਾ ਰਹੀਆਂ ਝੋਨੇ ਦੀਆਂ ਤਕਰੀਬਨ ਸਾਰੀਆਂ ਕਿਸਮਾਂ ‘ਤੇ ਇਹ ਬਿਮਾਰੀ ਪਿਛਲੇ ਸਾਲ ਦੌਰਾਨ ਪਾਈ ਗਈ ਹੈ।

 ਇਸ ਪ੍ਰੋਗਰਾਮ ਦਾ ਸੰਚਾਲਨ ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵਲੋਂ ਬਾਖੂਬੀ ਕੀਤਾ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਖੇਤੀ ਸਾਹਿੱਤ ਵੀ ਉਪਲਬਧ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਆਪਣੇ ਖਦਸ਼ਿਆਂ ਬਾਬਤ ਮਾਹਿਰਾਂ ਨਾਲ ਵਿਚਾਰ-ਚਰਚਾ ਵੀ ਕੀਤੀ।