ਕਰਨਾਟਕ: ਅਸ਼ਲੀਲ ਵੀਡੀਓ ਵਾਇਰਲ, ਡੀਜੀਪੀ ਕੇ. ਰਾਮਚੰਦਰ ਰਾਓ ਮੁਅੱਤਲ

39

ਕਰਨਾਟਕ: 20 Jan 2026 AJ DI Awaaj

National Desk :  ਕਰਨਾਟਕ ਦੇ ਸੀਨੀਅਰ ਆਈਪੀਐਸ ਅਧਿਕਾਰੀ ਅਤੇ ਡੀਜੀਪੀ ਰੈਂਕ ਦੇ ਅਧਿਕਾਰੀ ਕੇ. ਰਾਮਚੰਦਰ ਰਾਓ ਨੂੰ ਸਰਕਾਰੀ ਦਫ਼ਤਰ ਵਿੱਚ ਅਣਉਚਿਤ ਵਰਤਾਓ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨਾਲ ਸੰਬੰਧਿਤ ਕਈ ਵੀਡੀਓ ਵਾਇਰਲ ਹੋਏ।

ਵਾਇਰਲ ਵੀਡੀਓਜ਼ ਵਿੱਚ ਕੇ. ਰਾਮਚੰਦਰ ਰਾਓ ਨੂੰ ਵਰਦੀ ਵਿੱਚ, ਡਿਊਟੀ ਦੌਰਾਨ ਆਪਣੇ ਸਰਕਾਰੀ ਦਫ਼ਤਰ ਦੇ ਅੰਦਰ ਕੁਝ ਮਹਿਲਾਵਾਂ ਨਾਲ ਇਤਰਾਜ਼ਯੋਗ ਅਤੇ ਨਜ਼ਦੀਕੀ ਹਾਲਾਤਾਂ ਵਿੱਚ ਦਿਖਾਇਆ ਜਾ ਰਿਹਾ ਹੈ। ਮਾਮਲਾ ਸਾਹਮਣੇ ਆਉਂਦੇ ਹੀ ਮੁੱਖ ਮੰਤਰੀ ਸਿੱਧਰਮਈਆ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ ਸਾਬਤ ਹੋਣ ‘ਤੇ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ “ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।”

ਰਾਜ ਸਰਕਾਰ ਵੱਲੋਂ ਜਾਰੀ ਮੁਅੱਤਲੀ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੇ. ਰਾਮਚੰਦਰ ਰਾਓ ਦਾ ਆਚਰਣ ਸਰਕਾਰੀ ਸੇਵਾ ਦੀ ਮਰਿਆਦਾ ਦੇ ਖ਼ਿਲਾਫ਼ ਹੈ ਅਤੇ ਇਸ ਨਾਲ ਸਰਕਾਰ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਹੈ। ਹੁਕਮਾਂ ਅਨੁਸਾਰ, ਪ੍ਰਾਥਮਿਕ ਤੌਰ ‘ਤੇ ਇਹ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਸੇਵਾ ਨਿਯਮਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਦੀ ਮਿਆਦ ਦੌਰਾਨ ਉਹ ਸਰਕਾਰ ਦੀ ਲਿਖਤੀ ਇਜਾਜ਼ਤ ਤੋਂ ਬਿਨਾਂ ਹੈੱਡਕੁਆਰਟਰ ਨਹੀਂ ਛੱਡ ਸਕਣਗੇ।

ਜ਼ਿਕਰਯੋਗ ਹੈ ਕਿ ਕੇ. ਰਾਮਚੰਦਰ ਰਾਓ ਇਸ ਸਮੇਂ ਸਿਵਲ ਰਾਈਟਸ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਜਨਰਲ ਦੇ ਤੌਰ ‘ਤੇ ਤਾਇਨਾਤ ਸਨ। ਉਹ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਅਰੋਪੀ ਰਾਣਿਆ ਰਾਓ ਦੇ ਪਿਤਾ ਵੀ ਹਨ, ਜੋ ਇਸ ਵੇਲੇ ਜੇਲ੍ਹ ਵਿੱਚ ਸਜ਼ਾ ਕੱਟ ਰਹੀ ਹੈ। ਵਾਇਰਲ ਵੀਡੀਓਜ਼ ਨੇ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।

ਹਾਲਾਂਕਿ, ਕੇ. ਰਾਮਚੰਦਰ ਰਾਓ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਪੂਰੀ ਤਰ੍ਹਾਂ ਜਾਅਲੀ ਅਤੇ ਮਨਘੜਤ ਹਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਦੇ ਤਹਿਤ ਫੈਲਾਏ ਗਏ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਸ ਪੂਰੇ ਮਾਮਲੇ ਤੋਂ ਹੈਰਾਨ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਵੀਡੀਓ ਕਦੋਂ ਅਤੇ ਕਿਵੇਂ ਬਣਾਏ ਗਏ।