11 ਜੂਨ 2025 , Aj Di Awaaj
Punjab Desk: ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਮਾਹਲਾ ਖੁਰਦ ਦੇ 33 ਸਾਲਾ ਨੌਜਵਾਨ ਜਸਵਿੰਦਰ ਸਿੰਘ ਦੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱ*ਤਿਆ ਕਰ ਦਿੱਤੀ ਗਈ। ਜਸਵਿੰਦਰ ਪਿਛਲੇ 9 ਸਾਲਾਂ ਤੋਂ ਮਨੀਲਾ ‘ਚ ਰਹਿ ਕੇ ਫਾਇਨੈਂਸ ਦਾ ਕੰਮ ਕਰ ਰਿਹਾ ਸੀ। ਉਹ ਮੇਹਨਤੀ, ਇਮਾਨਦਾਰ ਅਤੇ ਆਪਣੇ ਪਰਿਵਾਰ ਲਈ ਸਮਰਪਿਤ ਨੌਜਵਾਨ ਸੀ।
ਜਸਵਿੰਦਰ ਨੇ ਪਿੰਡ ਵਿੱਚ 2 ਸਾਲ ਪਹਿਲਾਂ ਇੱਕ ਸ਼ਾਨਦਾਰ ਕੋਠੀ ਬਣਾਈ ਸੀ ਅਤੇ ਮਨੀਲਾ ਵਿੱਚ ਦੋ ਫਾਰਚੂਨਰ ਗੱਡੀਆਂ, ਇੱਕ ਮੋਟਰਸਾਈਕਲ ਤੇ ਆਪਣਾ ਘਰ ਵੀ ਬਣਾਇਆ ਸੀ। ਉਸ ਦਾ ਵਿਆਹ ਇਸ ਸਾਲ 9 ਫਰਵਰੀ ਨੂੰ ਗਗਨਦੀਪ ਕੌਰ ਨਾਲ ਹੋਇਆ ਸੀ। ਵਿਆਹ ਦੇ ਬਾਅਦ ਉਹ 4 ਮਾਰਚ ਨੂੰ ਵਾਪਸ ਮਨੀਲਾ ਚਲਾ ਗਿਆ ਸੀ। ਪਰ ਅਜੇ ਵੀ ਉਸ ਦੀ ਪਤਨੀ ਦੇ ਹੱਥਾਂ ਤੋਂ ਵਿਆਹ ਦਾ ਲਾਲ ਚੂੜਾ ਨਹੀਂ ਉਤਰੇਆ ਸੀ ਕਿ ਉਹ ਵਿਧਵਾ ਹੋ ਗਈ।
ਇਸ ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਜਸਵਿੰਦਰ ਦੇ ਕਨੇਡਾ ਵਿੱਚ ਰਹਿੰਦੇ ਚਚੇਰੇ ਭਰਾ ਲਖਬੀਰ ਸਿੰਘ ਨੂੰ ਮਿਲੀ। ਉਸ ਨੇ ਤੁਰੰਤ ਪਰਿਵਾਰ ਨੂੰ ਜਾਣਕਾਰੀ ਦਿੱਤੀ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਤਨੀ ਗਗਨਦੀਪ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਿੰਡ ਦੀ ਸਰਪੰਚ ਦੇ ਪਤੀ ਗੁਰੂ ਸਾਹਿਬ ਸਿੰਘ ਨੇ ਦੱਸਿਆ ਕਿ ਜਸਵਿੰਦਰ ਬਹੁਤ ਨੇਕ ਤੇ ਮਦਦਗਾਰ ਨੌਜਵਾਨ ਸੀ। 9 ਸਾਲ ਪਹਿਲਾਂ ਪਿੰਡ ਦੇ ਹੀ ਮੋਹਨ ਸਿੰਘ ਉਸਨੂੰ ਮਨੀਲਾ ਲੈ ਕੇ ਗਿਆ ਸੀ ਤੇ ਉਥੇ ਉਸਨੂੰ ਫਾਇਨੈਂਸ ਦਾ ਕੰਮ ਸਿਖਾਇਆ। ਮੋਹਨ ਦੀ ਤਿੰਨ ਸਾਲ ਪਹਿਲਾਂ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜਸਵਿੰਦਰ ਨੇ ਉਸਦੇ ਪਰਿਵਾਰ ਦੀ ਜ਼ਿੰਮੇਵਾਰੀ ਲੈ ਲਈ ਸੀ।
ਮ੍ਰਿਤਕ ਦੇ ਪਿਓ ਦਿਲੀਪ ਸਿੰਘ ਅਤੇ ਪਤਨੀ ਗਗਨਦੀਪ ਕੌਰ ਨੇ ਫਿਲੀਪੀਨਜ਼ ਸਰਕਾਰ ਕੋਲ ਨਿਆਂ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਅਪੀਲ ਹੈ ਕਿ ਕਤਲੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖਤ ਸਜ਼ਾ ਦਿੱਤੀ ਜਾਵੇ।
