ਕੰਸਰਟ ਦੌਰਾਨ ਜੈਸਮੀਨ ਸੈਂਡਲਸ ਨੇ ਕੀਤਾ ਮੰਗਣੀ ਦਾ ਐਲਾਨ, ਮੰਗੇਤਰ ਨੂੰ ਸਟੇਜ ‘ਤੇ ਬੁਲਾ ਕੇ ਦਿੱਤਾ ਸਰਪ੍ਰਾਈਜ਼

2

12 July 2026 Aj Di Awaaj

Bollywood Desk:  ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੇ ਆਪਣੇ ‘ਦਿ ਡ੍ਰੀਮ ਗਰਲ ਇੰਡੀਆ ਟੂਰ’ ਦੇ ਪਹਿਲੇ ਕੰਸਰਟ ਦੌਰਾਨ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ। ਦਿੱਲੀ ਵਿੱਚ ਹੋਏ ਲਾਈਵ ਸ਼ੋਅ ਦੌਰਾਨ ਉਨ੍ਹਾਂ ਨੇ ਸਟੇਜ ‘ਤੇ ਆਪਣੇ ਮੰਗੇਤਰ ਸ਼ੇਖਰ ਚੌਧਰੀ ਨੂੰ ਸੱਦ ਕੇ ਆਪਣੀ ਮੰਗਣੀ ਦਾ ਐਲਾਨ ਕੀਤਾ।

ਜਿਵੇਂ ਹੀ ਜੈਸਮੀਨ ਨੇ ਆਪਣੇ ਹੱਥ ਵਿੱਚ ਪਾਈ ਮੰਗਣੀ ਦੀ ਅੰਗੂਠੀ ਪ੍ਰਸ਼ੰਸਕਾਂ ਨੂੰ ਦਿਖਾਈ, ਪੂਰਾ ਆਡੀਟੋਰੀਅਮ ਤਾੜੀਆਂ ਅਤੇ ਖੁਸ਼ੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਹ ਖ਼ਾਸ ਪਲ ਦੇਖਣ ਲਈ ਮੌਜੂਦ ਪ੍ਰਸ਼ੰਸਕਾਂ ਲਈ ਯਾਦਗਾਰ ਬਣ ਗਿਆ।

ਐਲਾਨ ਤੋਂ ਬਾਅਦ ਜੈਸਮੀਨ ਅਤੇ ਸ਼ੇਖਰ ਨੇ ਗਾਇਕਾ ਦੇ ਮਸ਼ਹੂਰ ਗੀਤ ‘ਲਾਵਾਂ’ ‘ਤੇ ਇਕੱਠੇ ਡਾਂਸ ਵੀ ਕੀਤਾ। ਇਸ ਰੋਮਾਂਟਿਕ ਪਲ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਇਸ ਜੋੜੇ ਨੂੰ ਵਧਾਈਆਂ ਦੇ ਰਹੇ ਹਨ।

ਜੈਸਮੀਨ ਸੈਂਡਲਸ ਦਾ ਸੰਗੀਤਕ ਸਫ਼ਰ

ਜਲੰਧਰ ਵਿੱਚ ਜਨਮੀ ਅਤੇ ਕੈਲੀਫੋਰਨੀਆ ਵਿੱਚ ਪਲੀ-ਬੜ੍ਹੀ ਜੈਸਮੀਨ ਸੈਂਡਲਸ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 2008 ਵਿੱਚ ਗੀਤ ‘ਮੁਸਕਾਨ’ ਨਾਲ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਰੈਪਰ ਬੋਹੇਮੀਆ ਨਾਲ ਐਲਬਮ ‘ਗੁਲਾਬੀ’ ਵਿੱਚ ਕੰਮ ਕੀਤਾ।

ਸਾਲ 2014 ਵਿੱਚ ਸਲਮਾਨ ਖਾਨ ਦੀ ਫ਼ਿਲਮ ‘ਕਿੱਕ’ ਦੇ ਸੁਪਰਹਿੱਟ ਗੀਤ ‘ਯਾਰ ਨਾ ਮਿਲੇ’ ਨੂੰ ਗਾ ਕੇ ਅਤੇ ਲਿਖ ਕੇ ਜੈਸਮੀਨ ਨੇ ਬਾਲੀਵੁੱਡ ਵਿੱਚ ਖਾਸ ਪਛਾਣ ਬਣਾਈ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਅਤੇ ਅੱਜ ਉਹ ਦੇਸ਼ ਦੀਆਂ ਪ੍ਰਸਿੱਧ ਗਾਇਕਾਵਾਂ ਵਿੱਚੋਂ ਇੱਕ ਹਨ।