4November 2025 Aj Di Awaaj
International Desk ਸਰਕਾਰੀ ਏਅਰਲਾਈਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੇ ਉਡਾਣ ਪ੍ਰਬੰਧ ਵਿੱਚ ਵੱਡਾ ਵਿਘਨ ਪੈ ਗਿਆ ਹੈ। ਇੰਜੀਨੀਅਰਾਂ ਨੇ ਜਹਾਜ਼ਾਂ ਲਈ ਫਲਾਈਟ ਕਲੀਅਰੈਂਸ ਜਾਰੀ ਕਰਨਾ ਰੋਕ ਦਿੱਤਾ ਹੈ।
ਇਸ ਹੜਤਾਲ ਕਾਰਨ 12 ਤੋਂ ਵੱਧ ਅੰਤਰਰਾਸ਼ਟਰੀ ਪੀਆਈਏ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਪਾਕਿਸਤਾਨ ਦੇ ਵੱਖ-ਵੱਖ ਹਵਾਈ ਅੱਡਿਆਂ ‘ਤੇ ਸੈਂਕੜਿਆਂ ਯਾਤਰੀ ਫਸੇ ਹੋਏ ਹਨ, ਜਿਨ੍ਹਾਂ ਵਿੱਚ ਕਈ ਉਮਰਾਹ ਯਾਤਰੀ ਵੀ ਸ਼ਾਮਲ ਹਨ। ਪਾਕਿਸਤਾਨੀ ਨਿਊਜ਼ ਚੈਨਲ ਦੁਨੀਆ ਨਿਊਜ਼ ਮੁਤਾਬਕ, ਲਾਹੌਰ ਤੋਂ ਮਦੀਨਾ, ਇਸਲਾਮਾਬਾਦ ਅਤੇ ਕਰਾਚੀ ਤੋਂ ਜੇਦਾਹ ਲਈ ਉਡਾਣਾਂ ਰੁਕ ਗਈਆਂ ਹਨ।
ਅੱਠ ਸਾਲ ਤੋਂ ਤਨਖ਼ਾਹਾਂ ‘ਚ ਨਹੀਂ ਹੋਇਆ ਵਾਧਾ
ਰਿਪੋਰਟਾਂ ਅਨੁਸਾਰ, ਸੋਮਵਾਰ ਰਾਤ ਲਗਭਗ 8 ਵਜੇ ਤੋਂ ਬਾਅਦ ਪੀਆਈਏ ਦੀ ਕੋਈ ਵੀ ਅੰਤਰਰਾਸ਼ਟਰੀ ਉਡਾਣ ਨਹੀਂ ਉੱਡੀ। ਸੋਸਾਇਟੀ ਆਫ਼ ਏਅਰਕ੍ਰਾਫਟ ਇੰਜੀਨੀਅਰਜ਼ ਆਫ਼ ਪਾਕਿਸਤਾਨ (SAEP) ਦਾ ਕਹਿਣਾ ਹੈ ਕਿ ਪਿਛਲੇ ਅੱਠ ਸਾਲਾਂ ਤੋਂ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇੰਜੀਨੀਅਰਾਂ ਨੇ ਕਈ ਮਹੀਨਿਆਂ ਤੱਕ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਕੀਤਾ, ਪਰ ਏਅਰਲਾਈਨ ਪ੍ਰਬੰਧਨ ਵੱਲੋਂ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ।














