Punjab 08 Aug 2025 AJ DI Awaaj
Punjab Desk : ਪੰਜਾਬ ‘ਚ ਹੜ੍ਹ ਦਾ ਖਤਰਾ ਇੱਕ ਵਾਰ ਫਿਰ ਸਿਰ ਉੱਤੇ ਮੰਡਲਾਉਂਦਾ ਨਜ਼ਰ ਆ ਰਿਹਾ ਹੈ। ਪਹਾੜੀ ਇਲਾਕਿਆਂ ਵਿੱਚ ਹੋ ਰਹੇ ਭਾਰੀ ਮੀਂਹ ਕਾਰਨ ਡੈਮਾਂ ਤੋਂ ਲਗਾਤਾਰ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੇ ਦਰਿਆ ਪੂਰੇ ਖਤਰੇ ਦੇ ਨਿਸ਼ਾਨ ‘ਤੇ ਆ ਪੁੱਜੇ ਹਨ। ਬਿਆਸ ਦਰਿਆ ਵਿਚੋਂ ਪੌਂਗ ਡੈਮ ਵੱਲੋਂ ਲਗਾਤਾਰ 40 ਹਜ਼ਾਰ ਕਿਊਸਿਕ ਪਾਣੀ ਛੱਡਣ ਕਾਰਨ ਦਰਿਆ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।
ਹੁਸ਼ਿਆਰਪੁਰ ਦੇ ਧਨੋਆ ਪੱਤਣ, ਗੁਰਦਾਸਪੁਰ ਅਤੇ ਹੋਰ ਨੇੜਲੇ ਇਲਾਕਿਆਂ ਵਿਚ ਦਰਿਆ ਦਾ ਘੇਰਾ ਵੱਧਣ ਨਾਲ ਖੇਤ ਪਾਣੀ ‘ਚ ਡੁੱਬ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਕੇਵਲ ਇੱਕ ਦਿਨ ‘ਚ ਬਿਆਸ ਦਰਿਆ ਨੇ ਆਪਣਾ ਘੇਰਾ 40 ਮੀਟਰ ਤੋਂ ਵੱਧ ਵਧਾ ਲਿਆ ਹੈ।
ਲੋਕ ਸਭ ਤੋਂ ਵੱਧ ਚਿੰਤਿਤ ਹਨ ਧੁੱਸੀ ਬੰਨ੍ਹ ਨੂੰ ਲੈ ਕੇ, ਜੋ ਕਿ ਕਈ ਥਾਵਾਂ ‘ਤੇ ਕਮਜ਼ੋਰ ਹੋ ਚੁੱਕਾ ਹੈ। ਸਥਾਨਕ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਪਾਣੀ ਇਸੇ ਤਰ੍ਹਾਂ ਵਧਦਾ ਰਿਹਾ, ਤਾਂ ਬੰਨ੍ਹ ਟੁੱਟਣ ਦਾ ਸੰਭਾਵਨਾ ਹੈ। ਉਨ੍ਹਾਂ ਯਾਦ ਕਰਵਾਇਆ ਕਿ 2023 ਵਿੱਚ ਵੀ ਹੜ੍ਹ ਦੌਰਾਨ ਧੁੱਸੀ ਬੰਨ੍ਹ ਟੁੱਟ ਗਿਆ ਸੀ, ਜਿਸ ਕਾਰਨ ਨੇੜਲੇ ਪਿੰਡਾਂ ਵਿਚ ਭਾਰੀ ਤਬਾਹੀ ਹੋਈ ਸੀ।
ਉਦੋਂ ਬੰਨ੍ਹ ਦੀ ਆਰਜ਼ੀ ਮੁਰੰਮਤ ਕਰਕੇ ਮਿੱਟੀ ਦੀਆਂ ਬੋਰੀਆਂ ਰੱਖੀਆਂ ਗਈਆਂ ਸਨ, ਪਰ ਹੁਣ 2 ਸਾਲ ਬਾਅਦ ਵੀ ਮੁਕੰਮਲ ਪੱਕਾ ਹੱਲ ਨਹੀਂ ਕੀਤਾ ਗਿਆ।
ਘੱਗਰ ਦਰਿਆ ਅਤੇ ਹੋਰ ਇਲਾਕਿਆਂ ਵਿੱਚ ਵੀ ਐਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਅਤੇ NDRF ਟੀਮਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ, ਪਰ ਹਾਲਾਤਾਂ ‘ਚ ਸੁਧਾਰ ਨਾ ਆਇਆ ਤਾਂ ਹੜ੍ਹ ਦਾਖਲ ਹੋਣ ਦਾ ਡਰ ਸਾਫ਼ ਦਿਖਾਈ ਦੇ ਰਿਹਾ ਹੈ।














