ਮਾਲੇਰਕੋਟਲਾ, 02 ਅਪ੍ਰੈਲ 2026 AJ DI Awaaj
Punjab Desk : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 545 ਆਂਗਣਵਾੜੀ ਸੈਂਟਰ ਕਾਰਜਸ਼ੀਲ ਹਨ, ਜਿਨ੍ਹਾਂ ਰਾਹੀਂ ਜਨਮ ਤੋਂ 6 ਸਾਲ ਦੇ ਬੱਚਿਆਂ, ਗਰਭਵਤੀ ਅਤੇ ਦੁੱਧ ਪਿਆਊ ਮਾਤਾਵਾਂ ਦੇ ਪੋਸ਼ਣ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਵੱਲੋਂ ਸੀ.ਐਸ.ਆਰ. ਸਕੀਮ ਅਧੀਨ ਆਂਗਣਵਾੜੀ ਸੈਂਟਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਉਦਯੋਗਿਕ ਇਕਾਈਆਂ ਨਾਲ ਸੰਪਰਕ ਕੀਤਾ ਗਿਆ। ਇਸ ਤਹਿਤ ਪਹਿਲੇ ਪੜਾਅ ਵਿੱਚ 9 ਆਂਗਣਵਾੜੀ ਸੈਂਟਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚੋਂ ਪਿੰਡ ਉੱਪਲ ਖੇੜੀ, ਚੌਂਦਾ ਅਤੇ ਰਾਣਵਾਂ ਦੇ 3 ਸੈਂਟਰਾਂ ਨੂੰ ਅਰਿਹੰਤ ਸਪਿਨਿੰਗ ਮਿਲਜ਼ ਮਲੇਰਕੋਟਲਾ (ਵਰਧਮਾਨ ਟੈਕਸਟਾਈਲ ਗਰੁੱਪ ਅਧੀਨ) ਵੱਲੋਂ ਸੀ.ਐਸ.ਆਰ. ਸਕੀਮ ਰਾਹੀ ਚੁਣਿਆ ਗਿਆ।
ਵਰਧਮਾਨ ਟੈਕਸਟਾਈਲ ਗਰੁੱਪ ਵੱਲੋਂ ਇਹਨਾਂ ਸੈਂਟਰਾਂ ਵਿੱਚ ਬੱਚਿਆਂ ਲਈ ਆਕਰਸ਼ਕ ਅਤੇ ਰੰਗਦਾਰ ਵਾਲ ਪੇਂਟਿੰਗਾਂ ਕਰਵਾਉਣ ਦੇ ਨਾਲ-ਨਾਲ ਚਾਈਲਡ-ਫਰੈਂਡਲੀ ਫਰਨੀਚਰ, ਆਂਗਣਵਾੜੀ ਵਰਕਰਾਂ ਲਈ ਫਰਨੀਚਰ, ਐਲ.ਈ.ਡੀ. ਟੀ.ਵੀ ਅਤੇ ਛੱਤ ਵਾਲੇ ਪੱਖੇ ਮੁਹੱਈਆ ਕਰਵਾਏ ਗਏ। ਇਸ ਨਵੀਨੀਕਰਨ ਨਾਲ ਜਿੱਥੇ ਸੈਂਟਰਾਂ ਦੀ ਦਿੱਖ ਵਿੱਚ ਆਕਰਸ਼ਿਤ ਸੁਧਾਰ ਆਇਆ ਹੈ ਉੱਥੇ ਹੀ ਬੱਚਿਆਂ ਦੀ ਹਾਜ਼ਰੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਵੱਲੋਂ ਪਿੰਡ ਉੱਪਲ ਖੇੜੀ ਵਿਖੇ ਨਵੀਨੀਕਰਤ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸੈਂਟਰ ਵਿੱਚ ਮੌਜੂਦ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਨਵੀਨੀਕਰਨ ਸਬੰਧੀ ਪ੍ਰਤੀਕ੍ਰਿਰਿਆ ਨੂੰ ਜਾਣਿਆ ਗਿਆ। ਮੌਜੂਦ ਲਾਭਪਾਤਰੀਆਂ ਵੱਲੋਂ ਪ੍ਰਸ਼ਾਸਨ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਵਰਧਮਾਨ ਟੈਕਸਟਾਈਲ ਗਰੁੱਪ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਆਂਗਣਵਾੜੀ ਸੈਂਟਰਾਂ ਦੇ ਨਵੀਨੀਕਰਨ ਲਈ ਵੀ ਸਹਿਯੋਗ ਦੀ ਅਪੀਲ ਕੀਤੀ ਗਈ। ਨਾਲ ਹੀ ਉਨ੍ਹਾਂ ਵੱਲੋਂ ਲੋਕਾਂ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਵਰਧਮਾਨ ਟੈਕਸਟਾਈਲ ਗਰੁੱਪ ਵੱਲੋਂ ਜਨਰਲ ਮੈਨੇਜਰ ਸੁਮਿਤ ਅਗਰਵਾਲ, ਐਚ.ਆਰ. ਮੈਨੇਜਰ ਸੁਰਿੰਦਰ ਭਾਟੀਆ ਅਤੇ ਰਾਜ ਕੁਮਾਰ ਹਾਜ਼ਰ ਰਹੇ। ਇਸ ਤੋਂ ਇਲਾਵਾ ਸੀ.ਡੀ.ਪੀ.ਓ. ਪਵਨ ਕੁਮਾਰ, ਸੁਪਰਵਾਈਜ਼ਰ ਉਰਵਸ਼ੀ ਚੁੱਘ, ਬਲਪ੍ਰੀਤ ਕੌਰ ਅਤੇ ਜਸਵਿੰਦਰ ਕੌਰ, ਆਂਗਣਵਾੜੀ ਵਰਕਰ ਗੁਰਦੀਪ ਕੌਰ ਅਤੇ ਕਿਸ਼ਵਰ ਬੇਗਮ ਸਮੇਤ ਪਿੰਡ ਦੇ ਸਰਪੰਚ ਸ਼ਮਸ਼ਾਦ ਖਾਨ ਵੀ ਮੌਜੂਦ ਸਨ।














