ਪਤੀ ਦਾ ਦੂਜੀ ਔਰਤ ਨਾਲ ਸਬੰਧ ਹੋਣਾ ਤਸ਼ੱਦਦ ਨਹੀਂ ਮੰਨਿਆ ਜਾ ਸਕਦਾ: ਹਾਈ ਕੋਰਟ ਦਾ ਵੱਡਾ ਫੈਸਲਾ

105

ਨਵੀਂ ਦਿੱਲੀ: 14/05/2025 AJ Di Awaaj

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਦੇ ਹਾਲੀਆ ਫੈਸਲੇ ਨੇ ਵਿਆਹ ਤੋਂ ਬਾਅਦ ਪਤੀ ਦੇ ਵਿਆਹ ਤੋਂ ਬਾਹਰਲੇ ਸੰਬੰਧਾਂ ਅਤੇ ਪਤਨੀ ਦੀ ਖੁਦਕੁਸ਼ੀ ਨਾਲ ਜੁੜੇ ਕਈ ਸੰਵੇਦਨਸ਼ੀਲ ਸਵਾਲਾਂ ਨੂੰ ਇੱਕ ਵਾਰ ਫਿਰ ਚੋਟੀ ਤੇ ਲਿਆ ਦਿੱਤਾ ਹੈ। ਮਾਮਲਾ ਮਾਰਚ 2024 ਦਾ ਹੈ ਜਦੋਂ ਇੱਕ ਔਰਤ ਦੀ ਉਸ ਦੇ ਸਹੁਰੇ ਘਰ ਵਿੱਚ ਮੌਤ ਹੋ ਗਈ। ਵਿਆਹ ਨੂੰ ਪੰਜ ਸਾਲ ਵੀ ਪੂਰੇ ਨਹੀਂ ਹੋਏ ਸਨ।

ਮ੍ਰਿਤਕ ਔਰਤ ਦੇ ਪਰਿਵਾਰ ਨੇ ਪਤੀ ‘ਤੇ ਦਾਜ ਲਈ ਤੰਗ ਪੇੜਤ ਕਰਨ, ਕੁੱਟਮਾਰ ਅਤੇ ਵਿਆਹ ਤੋਂ ਬਾਹਰਲੇ ਸੰਬੰਧ ਰੱਖਣ ਦੇ ਗੰਭੀਰ ਦੋਸ਼ ਲਗਾਏ। ਉਸ ਦੇ ਖਿਲਾਫ IPC ਦੀ ਧਾਰਾ 498A (ਘਰੇਲੂ ਹਿੰਸਾ), 304B (ਦਾਜ ਕਾਰਨ ਮੌਤ) ਅਤੇ 306 (ਖੁਦਕੁਸ਼ੀ ਲਈ ਉਕਸਾਉਣਾ) ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ।

ਪਰ ਹਾਈ ਕੋਰਟ ਨੇ ਮੰਗਲਵਾਰ ਨੂੰ ਉਸਨੂੰ ਜ਼ਮਾਨਤ ਦੇਣ ਦਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਿਰਫ਼ ਕਿਸੇ ਹੋਰ ਔਰਤ ਨਾਲ ਰਿਸ਼ਤਾ ਹੋਣਾ ਆਪਣੇ ਆਪ ਵਿੱਚ ਤਸ਼ੱਦਦ ਜਾਂ ਖੁਦਕੁਸ਼ੀ ਲਈ ਉਕਸਾਉਣ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ, ਜਦ ਤਕ ਇਹ ਸਾਬਤ ਨਾ ਹੋਵੇ ਕਿ ਇਸ ਰਿਸ਼ਤੇ ਰਾਹੀਂ ਪਤਨੀ ਨੂੰ ਮੰਨਸਿਕ ਤੌਰ ‘ਤੇ ਤਸੀਹੇ ਦੇਣ ਦੀ ਨੀਅਤ ਸੀ।

ਜਸਟਿਸ ਸੰਜੀਵ ਨਰੂਲਾ ਨੇ ਆਪਣੇ ਫੈਸਲੇ ਵਿੱਚ ਕਿਹਾ, “ਜੇਕਰ ਅਸੀਂ ਮੰਨ ਵੀ ਲਈਏ ਕਿ ਪਤੀ ਦਾ ਕਿਸੇ ਹੋਰ ਔਰਤ ਨਾਲ ਅਫੇਅਰ ਸੀ, ਇਹ ਤਦ ਤਕ IPC 498A ਜਾਂ 306 ਦੇ ਦਾਇਰੇ ਵਿੱਚ ਨਹੀਂ ਆਉਂਦਾ, ਜਦ ਤਕ ਇਹ ਸਿੱਧ ਨਾ ਹੋ ਜਾਵੇ ਕਿ ਉਸ ਰਿਸ਼ਤੇ ਦਾ ਉਦੇਸ਼ ਪਤਨੀ ਨੂੰ ਮਾਨਸਿਕ ਤੌਰ ‘ਤੇ ਤਸੀਹੇ ਦੇਣਾ ਸੀ।”

ਮ੍ਰਿਤਕ ਦੇ ਪਰਿਵਾਰ ਨੇ ਦਲੀਲ ਦਿੱਤੀ ਕਿ ਪਤਨੀ ਨੇ ਜਦੋਂ ਅਫੇਅਰ ਦਾ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਨਾਲ ਹੀ, ਪਤੀ ਨੇ ਉਸ ‘ਤੇ ਦਬਾਅ ਪਾਇਆ ਕਿ ਉਹ ਕਾਰ ਦੀ EMI ਭਰਨ ਲਈ ਆਪਣੇ ਮਾਪਿਆਂ ਕੋਲੋਂ ਪੈਸੇ ਲਿਆਏ। ਹਾਲਾਂਕਿ, ਅਦਾਲਤ ਨੇ ਇਹ ਆਧਾਰ ਕਮਜ਼ੋਰ ਮੰਨਿਆ ਕਿਉਂਕਿ ਔਰਤ ਨੇ ਆਪਣੀ ਜ਼ਿੰਦਗੀ ਦੌਰਾਨ ਕਦੇ ਵੀ ਪੁਲਿਸ ਜਾਂ ਕਿਸੇ ਹੋਰ ਅਧਿਕਾਰਤ ਫੋਰਮ ਤੇ ਇਨ੍ਹਾਂ ਗੱਲਾਂ ਦੀ ਸ਼ਿਕਾਇਤ ਨਹੀਂ ਕੀਤੀ।

ਅਦਾਲਤ ਨੇ ਮੰਨਿਆ ਕਿ ਦੋਸ਼ ਗੰਭੀਰ ਹਨ, ਪਰ ਇਹ ਵੀ ਕਿਹਾ ਕਿ ਦੋਸ਼ੀ ਮਾਰਚ 2024 ਤੋਂ ਜੇਲ੍ਹ ਵਿੱਚ ਹੈ, ਚਾਰਜਸ਼ੀਟ ਦਾਇਰ ਹੋ ਚੁੱਕੀ ਹੈ, ਅਤੇ ਮੁਕੱਦਮਾ ਜਲਦੀ ਚਲਣ ਦੀ ਸੰਭਾਵਨਾ ਨਹੀਂ। ਸਬੂਤ ਨਸ਼ਟ ਹੋਣ ਦਾ ਵੀ ਕੋਈ ਖ਼ਤਰਾ ਨਹੀਂ ਦਿਖਦਾ। ਇਸ ਹਾਲਤ ਵਿੱਚ, ਹੋਰ ਹਿਰਾਸਤ ਨਿਆਂਕ ਉਦੇਸ਼ ਨੂੰ ਪੂਰਾ ਨਹੀਂ ਕਰਦੀ।

ਇਸ ਦੇ ਆਧਾਰ ‘ਤੇ, ਅਦਾਲਤ ਨੇ ਪਤੀ ਨੂੰ ₹50,000 ਦੇ ਨਿੱਜੀ ਮੁਚਲਕੇ ਅਤੇ ਦੋ ਜ਼ਮਾਨਤੀ ਸ਼ਰਤਾਂ ‘ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ।