ਚੰਡੀਗੜ੍ਹ 11 Sep 2025 AJ DI Awaaj
Chandigarh Desk – ਸ਼ੀਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਅਰਜ਼ੀ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਜਸਟਿਸ ਤ੍ਰਿਭੁਵਨ ਦਹੀਆ ਦੀ ਬੈਂਚ ਨੇ ਰਾਜ ਸਰਕਾਰ ਨੂੰ ਦੋ ਹਫਤਿਆਂ ਦੇ ਅੰਦਰ ਜਵਾਬ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ। ਅਗਲੀ ਸੁਣਵਾਈ ਲਈ ਮਾਮਲਾ 23 ਸਤੰਬਰ 2025 ਲਈ ਮੁਕਰਰ ਕੀਤਾ ਗਿਆ ਹੈ।
ਇਹ ਅਰਜ਼ੀ 31 ਜੁਲਾਈ ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨਜ਼ ਥਾਣੇ ‘ਚ ਬੀਐਨਐਸ ਦੀਆਂ ਧਾਰਾਵਾਂ ਅਧੀਨ ਦਰਜ ਮਾਮਲੇ ਸਬੰਧੀ ਦਾਇਰ ਕੀਤੀ ਗਈ ਸੀ।
ਮਜੀਠੀਆ ਇਸ ਵੇਲੇ ਨਾਭਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੇ ਵਕੀਲ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਕੇਸ ਰਾਜਨੀਤਿਕ ਰੂਪ ਤੋਂ ਪ੍ਰੇਰਿਤ ਹੈ ਅਤੇ ਉਨ੍ਹਾਂ ਦੇ ਮੁਵੱਕਿਲ ਨੂੰ ਨਿਸ਼ਾਨਾ ਬਣਾਉਣ ਲਈ ਝੂਠੇ ਮਾਮਲੇ ਬਣਾਏ ਗਏ ਹਨ।
ਹਾਈਕੋਰਟ ਦੇ ਨੋਟਿਸ ਨਾਲ ਮਜੀਠੀਆ ਮਾਮਲੇ ਵਿਚ ਹੁਣ ਨਵੀਂ ਕਾਨੂੰਨੀ ਚਰਚਾ ਦੀ ਸੰਭਾਵਨਾ ਬਣ ਗਈ ਹੈ।
