ਧਨੌਲਾ ‘ਚ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਸਿਹਤ ਵਿਭਾਗ ਸਰਗਰਮ

3

ਧਨੌਲਾ, 15 ਸਤੰਬਰ 2026 AJ DI Awaaj

Punjab Desk :      ਸਿਹਤ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਨਾਲ ਮਿਲ ਕੇ ਨਵਜੰਮੇ ਅਤੇ ਛੋਟੇ ਬੱਚਿਆਂ ਦੇ ਸਰੀਰਕ ਵਿਕਾਸ ਦੀ ਸਹੀ ਜਾਂਚ ਕਰਨ ਲਈ ਅੱਜ ਵੱਖ-ਵੱਖ ਆਂਗਣਵਾੜੀ ਕੇਂਦਰਾਂ ‘ਤੇ 6 ਸਾਲ ਤੱਕ ਦੇ ਬੱਚਿਆਂ ਦਾ ਵਜ਼ਨ ਅਤੇ ਲੰਬਾਈ ਮਾਪੀ ਗਈ।
ਸੀ.ਐੱਚ.ਸੀ ਧਨੌਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਦੀ ਅਗਵਾਈ ਵਿੱਚ ਐੱਸ.ਐੱਮ.ਓ ਦਾ ਕਾਰਜਭਾਰ ਸੰਭਾਲ ਰਹੇ ਡਾ. ਵਿਸ਼ਾਲਵੀਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਪੋਸ਼ਣ ਮਾਹ ਤਹਿਤ ਬੱਚਿਆਂ ਦੇ ਸਰੀਰਕ ਵਿਕਾਸ ਦੀ ਸਹੀ ਜਾਂਚ ਅਤੇ ਮਾਪਿਆਂ ਨੂੰ ਬੱਚਿਆਂ ਦੇ ਪੋਸ਼ਣ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਥੀਮ ‘ਖੁਰਾਕੀ ਵਿਭਿੰਨਤਾ ਅਤੇ ਲੋੜੀਂਦਾ ਪ੍ਰੋਟੀਨ’ ਰੱਖਿਆ ਗਿਆ ਹੈ। ਡਾ. ਵਿਸ਼ਾਲਵੀਰ ਸਿੰਘ ਨੇ ਦੱਸਿਆ ਕਿ ਅਜਿਹੇ ਕੈਂਪਾਂ ਨਾਲ ਬੱਚਿਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਵਧੇਰੇ ਮਦਦ ਮਿਲਦੀ ਹੈ।
ਬਲਾਕ ਮੀਡੀਆ ਅਫ਼ਸਰ ਰਤਿਕਾ ਓਬਰਾਏ ਨੇ ਦੱਸਿਆ ਕਿ ਮੁਹਿੰਮ ਤਹਿਤ ਅੱਜ ਨਵੀਂ ਬਸਤੀ ਸਥਿਤ ਆਂਗਣਵਾੜੀ ਕੇਂਦਰ ਵਿਚ ਸੀ.ਐੱਚ.ਓ ਜਸਮੋਹਨ ਕੌਰ ਨੇ ਮਾਪਿਆਂ ਨੂੰ ਬੱਚਿਆਂ ਦੇ ਬੇਹਤਰ ਵਿਕਾਸ ਲਈ ਖੁਰਾਕ ਵਿੱਚ ਸੁਧਾਰ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਮਾਪਿਆਂ ਨੂੰ ਬੱਚਿਆਂ ਦੀ ਖ਼ੁਰਾਕ ਵਿੱਚ ਪ੍ਰੋਟੀਨ ਭਰਪੂਰ ਭੋਜਨ ਦਾਲਾਂ, ਦਲੀਆ, ਖਿਚੜੀ, ਕੇਲਾ ਅਤੇ ਦੁੱਧ ਸ਼ਾਮਲ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ 6 ਸਾਲ ਤੱਕ ਦੇ ਸਾਰੇ ਬੱਚਿਆਂ ਦਾ  ਵਜ਼ਨ ਅਤੇ ਲੰਬਾਈ/ਉਚਾਈ ਵੀ ਮਾਪੀ ਗਈ ਤਾਂ ਜੋ ਸਿਹਤ ਮਾਪਦੰਡਾਂ ਅਨੁਸਾਰ ਉਹਨਾਂ ਦੀ ਸਹੀ ਜਾਂਚ ਹੋ ਸਕੇ। ਇਸ ਉਪਰੰਤ ਬੱਚਿਆਂ ਦਾ ਇਹ ਸਾਰਾ ਡਾਟਾ ਗ੍ਰੋਥ ਚਾਰਟ (MCP Card) ਉੱਤੇ ਦਰਜ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਇਹ ਪਤਾ ਲਾਉਣਾ ਹੈ ਕਿ ਕੋਈ ਬੱਚਾ ਆਮ (Normal), ਘੱਟ ਵਜ਼ਨ (Underweight), ਜਾਂ ਗੰਭੀਰ ਰੂਪ ਵਿੱਚ ਕੁਪੋਸ਼ਿਤ (SAM/MAM) ਸ਼੍ਰੇਣੀ ਵਿੱਚ ਤਾਂ ਨਹੀਂ ਆ ਰਿਹਾ। ਇਸ ਮੌਕੇ ਬੱਚਿਆਂ ਦੇ ਮਾਪੇ ਗਏ ਵਜਨ ਅਤੇ ਉਚਾਈ ਦਾ ਡਾਟਾ ਤੁਰੰਤ ‘ਪੋਸ਼ਣ ਟ੍ਰੈਕਰ’ (Poshan Tracker) ਐਪ ਅਤੇ ‘ਪੋਸ਼ਣ ਅਭਿਯਾਨ-ਜਨ ਅੰਦੋਲਨ ਡੈਸ਼ਬੋਰਡ’ ਉੱਤੇ ਆਨਲਾਈਨ ਅਪਡੇਟ ਕੀਤਾ ਗਿਆ ਤਾਂ ਜੋ ਸੂਬੇ ਅਤੇ ਕੇਂਦਰ ਪੱਧਰ ‘ਤੇ ਸਹੀ ਰਿਪੋਰਟਿੰਗ ਯਕੀਨੀ ਬਣਾਈ ਜਾ ਸਕੇ ਅਤੇ ਕੁਪੋਸ਼ਣ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।