ਸ੍ਰੀ ਅਨੰਦਪੁਰ ਸਾਹਿਬ 16 ਸਤੰਬਰ 2025 AJ DI Awaaj
Punjab Desk : ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਤਾਰਾਪੁਰ ਦਾ ਦੌਰਾ ਕਰਕੇ ਉਥੇ ਦੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਅਧਿਕਾਰੀਆਂ ਨੁੰ ਮੌਕੇ ਤੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦੇ ਨੀਮ ਪਹਾੜੀ ਖੇਤਰ ਤੋ ਖੱਡ ਵਿਚ ਆ ਰਹੇ ਬਰਸਾਤ ਦੇ ਪਾਣੀ ਨਾਲ ਇਸ ਇਲਾਕੇ ਦੇ ਰਿਹਾਇਸ਼ੀ ਘਰਾਂ ਦਾ ਖਾਰ ਲੱਗਣ ਨਾਲ ਹੋਏ ਨੁਕਸਾਨ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਖੱਡ ਦੇ ਪਾਣੀ ਦਾ ਰਾਹ ਬਦਲਣ ਲਈ ਢੁਕਵੀ ਕਾਰਵਾਈ ਕਰਨ ਲਈ ਕਿਹਾ।
ਸ.ਬੈਂਸ ਨੇ ਕਿਹਾ ਕਿ ਪਿੰਡ ਦੀ ਡਿਸਪੈਂਸਰੀ ਜੋ ਕਿ ਅਕੈਡਮੀ ਦੀ ਚਾਰਦੀਵਾਰੀ ਵਿਚ ਆ ਗਈ ਹੈ ਤੋਂ ਲੋਕਾਂ ਨੂੰ ਲੋੜੀਦੀਆਂ ਢੁਕਵੀਆਂ ਮੈਡੀਕਲ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਵੀ ਬਰਸਾਤਾ ਦੌਰਾਨ ਨੁਕਸਾਨ ਹੋਇਆ ਹੈ, ਇਸ ਸਕੂਲ ਦੀਆਂ ਕਲਾਸਾਂ ਮਿਡਲ ਸਕੂਲ ਵਿਚ ਲਗਾਈਆਂ ਜਾਣਗੀਆਂ ਅਤੇ ਇਸ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਸਹੂਲਤ ਲਈ ਬਦਲਵੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਦਸਮੇਸ਼ ਅਕਡੈਮੀ ਤੋ ਨਾਨੋਵਾਲ ਤੇ ਤਾਰਾਪੁਰ ਦੇ ਪੁਰਾਣੇ ਰਸਤੇ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਲੋਕਾਂ ਨੂੰ ਸੁਚਾਰੂ ਆਵਾਜਾਈ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ।
ਸ.ਬੈਂਸ ਨੇ ਕਿਹਾ ਕਿ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੀ ਵਿਸੇਸ਼ ਗਿਰਦਾਵਰੀ ਚੱਲ ਰਹੀ ਹੈ, ਜਿਸ ਦੀ ਰਿਪੋਰਟ ਆਉਣ ਤੇ ਸੂਚਨਾ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਪ੍ਰੇਸ਼ਨ ਰਾਹਤ ਤਹਿਤ ਸਾਡੀਆਂ ਟੀਮਾਂ ਜ਼ਮੀਨੀ ਪੱਧਰ ਤੇ ਕੰਮ ਕਰ ਰਹੀਆਂ ਹਨ। ਲੋੜਵੰਦਾਂ ਤੱਕ ਰਾਹਤ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਸੇਸ਼ ਵਾਹਨਾਂ ਰਾਹੀ ਦਵਾਈ ਦਾ ਛਿੜਕਾਓ ਕਰਵਾਇਆ ਜਾ ਰਿਹਾ ਹੈ, ਤਿੰਨ ਤਰਾਂ ਦੇ ਵਾਹਨ ਡੇਂਗੂ, ਮਲੇਰੀਆਂ ਤੇ ਚਿਕਨਗੁਨੀਆਂ ਦੇ ਲਾਰਵੇ ਨੂੰ ਨਸ਼ਟ ਕਰਨ ਵਿਚ ਲੱਗੇ ਹੋਏ ਹਨ। ਹਰ ਪ੍ਰਭਾਵਿਤ ਪਿੰਡ ਵਿਚ ਇਹ ਵਾਹਨ ਪਹੁੰਚਣਗੇ, ਮੈਡੀਕਲ ਤੇ ਵੈਟਨਰੀ ਟੀਮਾ ਹਰ ਪਿੰਡ ਵਿਚ ਪਹੁੰਚ ਕਰਕੇ ਮੈਡੀਕਲ ਸਹੂਲਤਾ ਦੇ ਰਹੀਆਂ ਹਨ ਅਤੇ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਜਸਪ੍ਰੀਤ ਸਿੰਘ ਐਸ.ਡੀ.ਐਮ, ਸੂਬੇਦਾਰ ਰਾਜਪਾਲ ਮੋਹੀਵਾਲ ਸਰਪੰਚ, ਰਸਵਿੰਦਰ ਸਿੰਘ ਡਾਇਰੈਕਟਰ, ਦਲੀਪ ਹੰਸ ਦਲਿਤ ਵਿਕਾਸ ਬੋਰਡ ਦਾ ਮੈਂਬਰ, ਸੁਦੇਸ਼ ਕੁਮਾਰੀ ਸਰਪੰਚ ਤਾਰਾਪੁਰ, ਜੁਗਿੰਦਰ ਸਿੰਘ, ਕੇਸਰ ਸਿੰਘ ਸਰਕਲ ਇੰਚਾਰਜ, ਸਮਸ਼ੇਰ ਹਲਕਾ ਕੋਆਰਡੀਨੇਟਰ, ਜਗਤਾਰ ਸਿੰਘ ਸਰਪੰਚ, ਸੁਖਦੇਵ ਸਿੰਘ ਸਰਪੰਚ, ਸੁਖਬੀਰ ਸਿੰਘ ਜੇ.ਈ, ਕਾਕੂ ਤਾਰਾਪੁਰ, ਮਨੀਸ਼ ਤਾਰਾਪੁਰ, ਮਨਿੰਦਰ ਸਿੰਘ ਸਰਪੰਚ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।














