ਸਵੀਪ ਸਬੰਧੀ ਖੇਤਰੀ ਕਾਨਫਰੰਸ ਵਿੱਚ ਭਾਗੀਦਾਰੀ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ

1
ਸੰਗਰੂਰ, 23 ਸਤੰਬਰ 2026 AJ DI Awaaj

Punjab Desk :   ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਵੀਪ (SVEEP) ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਆਉਣ ਵਾਲੀ “ELC and ECINET” ਖੇਤਰੀ ਕਾਨਫਰੰਸ ਸਬੰਧੀ ਮੀਟਿੰਗ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸੰਗਰੂਰ ਸ਼੍ਰੀ ਅੰਕੂਰ ਮਹਿੰਦਰੂ, ਪੀ.ਸੀ.ਐਸ. ਦੀ ਪ੍ਰਧਾਨਗੀ ਹੇਠ ਸਵੀਪ ਨੋਡਲ ਅਫ਼ਸਰਾਂ ਨਾਲ ਦਫਤਰ ਵਧੀਕ ਡਿਪਟੀ ਕਮਿਸ਼ਨਰ (ਜ.), ਸੰਗਰੂਰ ਵਿਖੇ ਕੀਤੀ ਗਈ।

ਮੀਟਿੰਗ ਦੌਰਾਨ ਸ਼੍ਰੀ ਅੰਕੂਰ ਮਹਿੰਦਰੂ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਮਿਤੀ 2 ਨਵੰਬਰ 2026 ਨੂੰ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (RGNUL), ਪਟਿਆਲਾ ਵਿਖੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਦਿਆਂ “ELC and ECINET” ਵਿਸ਼ੇ ’ਤੇ ਖੇਤਰੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਲਈ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਤੋਂ ਭਾਗੀਦਾਰਾਂ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਉਹਨਾਂ ਨੇ ਭਾਗੀਦਾਰ ਸਕੂਲਾਂ ਵਿੱਚੋਂ ਕਲਾਸ 9ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚੋਂ ਵਿਦਿਆਰਥੀਆਂ ਦੀ ਨੁਮਾਇੰਦਗੀ ਯਕੀਨੀ ਬਣਾਉਣ ਅਤੇ ਵੱਖ-ਵੱਖ ਵਰਗਾਂ ਦੇ ਸਕੂਲਾਂ ਵਿੱਚੋਂ ਭਾਗੀਦਾਰਾਂ ਦੀ ਚੋਣ ਕਰਨ ਸਬੰਧੀ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।

ਇਸੇ ਤਰ੍ਹਾਂ ਉੱਚ ਸਿੱਖਿਆ ਸੰਸਥਾਵਾਂ ਵਿੱਚੋਂ ਜ਼ਿਲ੍ਹੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਮੁੱਖ ਕਾਲਜਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਚੁਣੇ ਜਾਣ ਵਾਲੇ ਭਾਗੀਦਾਰਾਂ ਵਿੱਚ ਸੰਸਥਾ ਦੇ ਮੁਖੀ/ਨੁਮਾਇੰਦੇ ਤੋਂ ਇਲਾਵਾ ਇੱਕ ਵਿਦਿਆਰਥੀ ਅਤੇ ਇੱਕ ਵਿਦਿਆਰਥਣ ਦੀ ਚੋਣ ਕਰਨ ਸਬੰਧੀ ਵੀ ਵਿਚਾਰ ਕੀਤਾ ਗਿਆ।

ਇਸ ਤੋਂ ਇਲਾਵਾ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਇਲੈਕਟੋਰਲ ਲਿਟਰੇਸੀ ਕਲੱਬ (ELC) ਨੂੰ ਸਰਗਰਮ ਕਰਨ ਅਤੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ, ਵੋਟਰ ਜਾਗਰੂਕਤਾ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਬਾਰੇ ਜਾਗਰੂਕ ਕਰਨ ਲਈ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ।

ਸਬੰਧਤ ਅਧਿਕਾਰੀਆਂ ਨੂੰ ਇਸ ਹੋਣ ਵਾਲੀ ਕਾਨਫਰੰਸ ਲਈ ਨਿਰਧਾਰਤ ਮਾਪਦੰਡਾਂ ਅਨੁਸਾਰ ਭਾਗੀਦਾਰਾਂ ਦੀ ਚੋਣ ਕਰਨ ਅਤੇ ਉਨ੍ਹਾਂ ਦੀ ਵਿਸਥਾਰਪੂਰਵਕ ਸੂਚੀ ਤਿਆਰ ਕਰਕੇ ਸਬੰਧਤ ਦਫ਼ਤਰ ਨੂੰ ਭੇਜਣ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ।

ਇਸ ਮੀਟਿੰਗ ਵਿੱਚ ਸਵੀਪ ਨੋਡਲ ਅਫਸਰ ਫਾਰ ਕਾਲਜਿਜ਼-ਕਮ-ਪ੍ਰਿੰਸੀਪਲ ਸਰਕਾਰੀ ਰਣਬੀਰ ਕਾਲਜ, ਸੰਗਰੂਰ ਅਤੇ ਸਹਾਇਕ ਨੋਡਲ ਅਫਸਰ ਫਾਰ ਸਵੀਪ-ਕਮ-ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਸੰਗਰੂਰ ਤੋਂ ਇਲਾਵਾ ਚੋਣ ਤਹਿਸੀਲਦਾਰ ਸ਼੍ਰੀਮਤੀ ਪਰਮਜੀਤ ਕੌਰ ਸਮੇਤ ਚੋਣ ਸਟਾਫ ਹਾਜ਼ਰ ਸਨ।