70ਵੀਂ ਰਾਜ ਪੱਧਰੀ ਅਥਲੈਟਿਕ ਮੀਟ ਵਿੱਚ ਭਦੌੜ ਸੈਂਟਰ ਦੀਆਂ ਕੁੜੀਆਂ ਮੋਹਰੀ

1
ਬਰਨਾਲਾ 21 ਅਕਤੂਬਰ 2026 AJ DI Awaaj
Punjab Desk :    70ਵੀ ਰਾਜ ਪੱਧਰੀ ਅਥਲੈਟਿਕ ਮੀਟ ਵਿੱਚ ਭਦੌੜ ਸੈਂਟਰ ਦੀਆਂ  ਕੁੜੀਆਂ ਨੇ ਅੰਡਰ 14 ਸਾਲ ਉਮਰ ਵਰਗ ਵਿੱਚ ਓਵਰਆਲ ਚੈਂਪੀਅਨਸ਼ਿਪ ਹਾਸਲ ਕਰਕੇ ਜ਼ਿਲ੍ਹਾ ਬਰਨਾਲਾ ਦਾ ਨਾਮ ਰੌਸ਼ਨ ਕੀਤਾ ਹੈ।
   ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀਆਂ ਜੇਤੂ ਰਹੀਆਂ ਲੜਕੀਆਂ ਵਿੱਚੋਂ ਸਿਮਰਨਜੀਤ ਕੌਰ ਪੀਐਮ ਸ੍ਰੀ ਸਸਸਸ (ਕੰਨਿਆ) ਭਦੌੜ ਨੇ 400 ਮੀਟਰ ਦੌੜ ਵਿੱਚ ਗੋਲਡ ਤੇ 600 ਮੀਟਰ ਦੌੜ ਵਿੱਚ ਸਿਲਵਰ, ਤਨਰਾਜ ਕੌਰ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੇ 80 ਮੀਟਰ ਹਰਡਲਜ਼ ਦੌੜ ਵਿੱਚ ਸਿਲਵਰ, ਰਮਨਦੀਪ ਕੌਰ ਤੇ ਨਿਮਰਤ ਕੌਰ ਸਸਸਸ ਹਮੀਦੀ ਅਤੇ ਸਿਮਰਨਜੀਤ ਕੌਰ ਤੇ ਪ੍ਰਿਆਂਕਾ ਕੌਰ ਪੀਐਮ ਸ੍ਰੀ ਸਸਸਸ (ਕੰਨਿਆ) ਭਦੌੜ ਨੇ 4*100 ਮੀਟਰ ਰਿਲੇਅ ਦੌੜ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਅੰਡਰ 17 ਸਾਲ ਲੜਕੀਆਂ ਵਿੱਚ ਭੁਪਿੰਦਰ ਕੌਰ ਪੀਐਮ ਸ੍ਰੀ ਸਸਸਸ (ਕੰਨਿਆ) ਭਦੌੜ ਨੇ 400 ਮੀਟਰ ਹਰਡਲਜ਼ ਵਿੱਚ ਗੋਲਡ ਮੈਡਲ, 4*400 ਮੀਟਰ ਰਿਲੇਅ ਦੌੜ ਵਿੱਚ ਭੁਪਿੰਦਰ ਕੌਰ ਤੇ ਬੀਰਬਲ ਕੌਰ ਪੀਐਮ ਸ੍ਰੀ ਸਸਸਸ (ਕੰਨਿਆ) ਭਦੌੜ ਅਤੇ ਖੁਸ਼ਪ੍ਰੀਤ ਕੌਰ ਤੇ ਹਰਬਿੰਦਰ ਕੌਰ ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਦੀ ਟੀਮ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮਨਜੋਤ ਸਿੰਘ ਨੇ 100 ਮੀਟਰ ਦੌੜ ਅਤੇ 110 ਮੀਟਰ ਹਰਡਲਜ਼ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਇਸਦੇ ਨਾਲ ਹੀ ਮਨਜੋਤ ਸਿੰਘ ਅਤੇ ਗੁਰਪਿਆਰ ਸਿੰਘ ਨੇ 4×100 ਮੀਟਰ ਰਿਲੇਅ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਜਿਕਰਯੋਗ ਹੈ ਕਿ ਇਹ ਖਿਡਾਰਨਾਂ ਖੇਡ ਵਿਭਾਗ ਜ਼ਿਲ੍ਹਾ ਬਰਨਾਲਾ ਦੇ ਅਥਲੈਟਿਕਸ ਕੋਚ ਹਰਨੇਕ ਸਿੰਘ ਦੀ ਕੋਚਿੰਗ ਹੇਠ ਪਬਲਿਕ ਸਟੇਡੀਅਮ ਭਦੌੜ ਵਿਖੇ ਅਭਿਆਸ ਕਰਦੀਆਂ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਅਤੇ ਅਥਲੈਟਿਕਸ ਕੋਚ ਹਰਨੇਕ ਸਿੰਘ, ਟੀਮ ਇੰਚਾਰਜਾਂ ਡੀਪੀਈ ਅਵਤਾਰ ਸਿੰਘ, ਡੀਪੀਈ ਅਮਨਦੀਪ ਕੌਰ, ਡੀਪੀਈ ਸੰਸਾਰ ਸਿੰਘ, ਡੀਪੀਈ ਲਖਵੀਰ ਸਿੰਘ, ਡੀਪੀਈ ਅਰਸ਼ਦੀਪ ਕੌਰ, ਅਥਲੈਟਿਕ ਕੋਚ ਗੁਰਸੇਵਕ ਸਿੰਘ, ਡੀਪੀਈ ਸੁਮਨਪ੍ਰੀਤ ਕੌਰ, ਅਥਲੈਟਿਕ ਕੋਚ ਸੁਖਦੇਵ ਸਿੰਘ ਕੇਵਲ ਧੌਲਾ, ਹਰਵਿੰਦਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਬਰਨਾਲਾ ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਉਂਦੇ ਰਹਿਣਗੇ।
ਇਸ ਦੌਰਾਨ ਜ਼ਿਲ੍ਹਾ ਖੇਡ ਅਫਸਰ ਸ੍ਰੀ ਰਪੇਸ਼ ਕੁਮਾਰ ਬੇਗੜਾ, ਗੁਰਵਿੰਦਰ ਕੌਰ ਵੇਟ ਲਿਫਟਿੰਗ ਤੇ ਜਸਪ੍ਰੀਤ ਸਿੰਘ ਅਥਲੈਟਿਕ ਕੋਚ ਨੇ ਵੀ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਵਧੀਆ ਕਾਰਗੁਜ਼ਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।