ਬੀ.ਐੱਸ.ਐੱਫ ਜੇਲ੍ਹ ਵਾਰਡਨ, ਮੈਟਰਨ ਤੇ ਪੰਜਾਬ ਪੁਲਿਸ ਭਰਤੀ ਲਈ ਮੁਫ਼ਤ ਟ੍ਰੇਨਿੰਗ ਕੈਂਪ ਸ਼ੁਰੂ

33

ਬਰਨਾਲਾ, 22 ਅਗਸਤ 2025 Aj DI Awaaj
Punjab Desk : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ—ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭੀਖੀ — ਬੁਢਲਾਡਾ ਰੋਡ) ਵੱਲੋਂ ਜ਼ਿਲ੍ਹਾ ਮਾਨਸਾ, ਬਰਨਾਲਾ ਤੇ ਸੰਗਰੂਰ ਦੇ ਨੌਜਵਾਨਾਂ ਲਈ ਜੇਲ੍ਹ ਵਾਰਡਨ, ਮੈਟਰਨ ਅਤੇ ਬੀ.ਐੱਸ.ਐੱਫ ਦੇ ਫਿਜ਼ੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸਿਖਲਾਈ ਅਧਿਕਾਰੀ, ਸੀ-ਪਾਈਟ ਕੈਂਪ ਕਾਲਝਰਾਣੀ ਕੈਂਪਟਨ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐੱਸ.ਐੱਸ.ਐੱਸ.ਬੀ ਵੱਲੋਂ 500 ਪੋਸਟਾਂ (29 ਸਹਾਇਕ ਸੁਪਰਡੰਟ, 451 ਜੇਲ੍ਹ ਵਾਰਡਨ ਮੇਲ, 20 ਮੈਟਰਨ ਫੀਮੇਲ) ਕੱਢੀਆਂ ਗਈਆਂ ਹਨ। ਇਨ੍ਹਾਂ ਪੋਸਟਾਂ ਲਈ ਵੈੱਬਸਾਈਟ https://sssb.punjab.gov.in  ‘ਤੇ ਮਿਤੀ 30—07—2025 ਤੋਂ 24—08—2025 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਬਾਰਡਰ ਸਕਿਉਰਟੀ ਫੋਰਸ (ਬੀ.ਐੱਸ.ਐੱਫ) ਵੱਲੋਂ  3588 ਪੋਸਟਾਂ (ਪੁਰਸ਼ ਅਤੇ ਔਰਤਾਂ) ਕੱਢੀਆਂ ਗਈਆਂ ਹਨ । ਇਹਨਾਂ ਪੋਸਟਾਂ ਲਈ ਵੈੱਬਸਾਈਟ https://rectt.bsf.gov.in  ‘ਤੇ ਮਿਤੀ 25—07—2025 ਤੋਂ 23—08—2025 ਤੱਕ  ਆਨ—ਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਜ਼ਿਲ੍ਹਿਆਂ ਦੇ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ ਆਨ—ਲਾਈਨ ਅਪਲਾਈ ਕਰਕੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਆਨ—ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ, ਅਧਾਰ ਕਾਰਡ ਅਤੇ ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ, 2 ਪਾਸਪੋਰਟ ਸਾਈਜ਼ ਫੋਟੋ ਦਸਤਾਵੇਜ਼ ਸਮੇਤ ਭੀਖੀ – ਬੁਢਲਾਡਾ ਮੇਨ ਰੋਡ ‘ਤੇ  ਪੈਂਦੇ ਪਿੰਡ ਬੋੜਾਵਾਲ ਵਿਖੇ ਸੀ—ਪਾਈਟ ਕੈਂਪ ਵਿੱਚ ਨਿੱਜੀ ਤੌਰ ‘ਤੇ ਮਿਤੀ 25—ਅਗਸਤ—2025 ਨੂੰ ਸਵੇਰੇ 9:00 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਕੈਂਪ ਵਿਖੇ ਪੰਜਾਬ ਪੁਲਿਸ ਦੇ ਫਿਜ਼ੀਕਲ ਟਰਾਇਲ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਜਿਹੜੇ ਨੌਜਵਾਨ ਫਿਜ਼ੀਕਲ ਟਰਾਇਲ ਦੀ ਮੈਰਿਟ ਲਿਸਟ ਵਿੱਚ ਆ ਚੁੱਕੇ ਹਨ, ਉਹ ਕੈਂਪ ਆ ਕੇ ਪੰਜਾਬ ਪੁਲਿਸ ਦੇ ਫਿਜ਼ੀਕਲ ਟਰਾਇਲ ਦੀ ਤਿਆਰੀ ਕਰ ਸਕਦੇ ਹਨ।
ਸਿਖਲਾਈ ਦੌਰਾਂਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 9814850214 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।