ਤਰਨ ਤਾਰਨ, 27 ਜੂਨ 2026 AJ DI Awaaj
Punjab Desk : ਸੀ-ਪਾਈਟ ਕੈਂਪ, ਪੱਟੀ (ਤਰਨ-ਤਾਰਨ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਸੇਵਾਮੁਕਤ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਦੇ ਜਿਨ੍ਹਾਂ ਯੁਵਕਾਂ ਨੇ ਜੂਨ 2026 ਵਿੱਚ ਅਗਨੀਵੀਰ ਦੀ ਲਿਖਤੀ ਪ੍ਰੀਖਿਆ ਦੇ ਦਿੱਤੀ ਹੈ ਅਤੇ ਫਿਜ਼ੀਕਲ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਫ਼ਿਜ਼ੀਕਲ ਟੈਸਟ ਦੀ ਟ੍ਰੇਨਿੰਗ ਮਿਤੀ 1 ਜੁਲਾਈ 2026 ਤੋਂ ਸੁਰੂ ਕੀਤੀ ਜਾ ਰਹੀ ਹੈ। ਫਿਜ਼ੀਕਲ ਟੈਸਟ ਦੀ ਟ੍ਰੇਨਿੰਗ ਸੀ-ਪਾਈਟ ਦੇ ਤਜ਼ਰਬੇਕਾਰ ਸਟਾਫ ਅਤੇ ਫ਼ੌਜ਼ ਦੇ ਤਜ਼ਰਬੇਕਾਰ ਸਟਾਫ਼ ਵੱਲੋਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਨੀਵੀਰ ਆਰਮੀ ਭਰਤੀ ਰੈਲੀ ਮਿਤੀ 18 ਨਵੰਬਰ 2026 ਤੋਂ ਸੁਰੂ ਹੋ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ਅਤੇ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਪੱਟੀ ਵਿਖੇ ਰਿਪੋਰਟ ਕਰਨ। ਉਨ੍ਹਾਂ ਕਿਹਾ ਕਿ ਯੁਵਕ ਸਵੇਰੇ 09:00 ਵਜੇ ਤੋਂ 11:30 ਵਜੇ ਤੱਕ ਕੈਂਪ ਵਿੱਚ ਪਹੁੰਚ ਕੇ ਦਾਖਲਾ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਕੈਂਪ ਵਿੱਚ ਆਉਣ ਸਮੇਂ ਆਨਲਾਈਨ ਰਜਿਸਟ੍ਰੇਸ਼ਨ ਦੀ ਇਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ (ਖ਼ਾਤਾ ਚਾਲੂ ਹਾਲਤ ਵਿੱਚ ਹੋਵੇ) ਅਤੇ ਇਕ ਪਾਸਪੋਰਟ ਸਾਈਜ਼ ਦੀ ਫੋਟੋ, ਇਕ ਕਾਪੀ, ਇਕ ਪੈੱਨ, ਖਾਣੇ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਯੁਵਕ ਦੀ ਛਾਤੀ ਬਿਨਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 98760-30372 ਅਤੇ 94647-56808 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।














