ਡੇਅਰੀ ਵਿਕਾਸ 2 ਹਫ਼ਤੇ ਦਾ ਮੁਫ਼ਤ ਸਿਖਲਾਈ ਬੈਚ 14 ਸਤੰਬਰ ਤੋਂ

1
ਬਰਨਾਲਾ, 4 ਸਤੰਬਰ 2026 AJ DI Awaaj
Punjab Desk :     ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਸ੍ਰੀ ਵਰਿਆਮ ਸਿੰਘ ਦੀ ਅਗਵਾਈ ਹੇਠ ਐਸ.ਸੀ.ਸਿਖਿਆਰਥੀਆਂ ਲਈ ਦੋ ਹਫ਼ਤੇ ਦਾ ਮੁਫ਼ਤ ਡੇਅਰੀ ਸਿਖਲਾਈ ਦਾ ਦੂਜਾ ਬੈਚ ਮਿਤੀ 14 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਬਰਨਾਲਾ ਦੇ ਸਿਖਿਆਰਥੀ ਇਹ ਸਿਖਲਾਈ ਡੇਅਰੀ ਟਰੇਨਿੰਗ ਸੈਂਟਰ, ਸੰਗਰੂਰ ਵਿਖੇ ਪ੍ਰਾਪਤ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ, ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ‘ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸ਼ਰੀਜ਼’ ਅਧੀਨ ਚਲਾਏ ਜਾਣ ਵਾਲੇ ਇਸ ਦੂਜੇ ਬੈਚ ਦੀ ਕਾਊਂਸਲਿੰਗ ਮਿਤੀ 07 ਸਤੰਬਰ ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਬਰਨਾਲਾ ਵਿਖੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿੱਚ ਭਾਗ ਲੈਣ ਵਾਲਾ ਸਿਖਿਆਰਥੀ ਪੇਂਡੂ ਖੇਤਰ ਦਾ ਵਸਨੀਕ ਅਤੇ ਐਸ.ਸੀ. ਜਾਤੀ ਨਾਲ ਸਬੰਧਤ ਹੋਣਾ ਚਾਹੀਦਾ ਹੈ। ਸਿਖਿਆਰਥੀ ਘੱਟੋ-ਘੱਟ ਪੰਜਵੀਂ ਪਾਸ ਅਤੇ ਉਮਰ 18 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਚਾਹਵਾਨ ਸਿਖਿਆਰਥੀ ਕਾਊਂਸਲਿੰਗ ਵਾਲੇ ਦਿਨ ਆਪਣੇ ਅਸਲ ਦਸਤਾਵੇਜ਼ ਜਿਵੇਂ; ਵਿੱਦਿਅਕ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ 1 ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਦਫ਼ਤਰ ਵਿਖੇ ਪਹੁੰਚਣ।
ਸ੍ਰੀ ਸੁਰਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ, ਰੱਖ-ਰਖਾਅ, ਖਾਧ-ਖੁਰਾਕ, ਨਸਲ ਸੁਧਾਰ, ਸਾਂਭ-ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਸਕੀਮ ਅਧੀਨ ਭਾਗ ਲੈਣ ਵਾਲੇ ਐਸ.ਸੀ. ਸਿਖਿਆਰਥੀਆਂ ਨੂੰ ਵਿਭਾਗ ਵੱਲੋਂ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਸਿਖਲਾਈ ਉਪਰੰਤ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ 2, 5 ਜਾਂ 10 ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਤ ਕਰਨ ‘ਤੇ ਸਰਕਾਰ ਵੱਲੋਂ 33% ਸਬਸਿਡੀ ਵੀ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਡਾਇਰੈਕਟਰ ਵੱਲੋਂ ਸਮੂਹ ਚਾਹਵਾਨ ਐਸ.ਸੀ. ਸਿਖਿਆਰਥੀਆਂ ਅਤੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਜਲਦੀ ਤੋਂ ਜਲਦੀ ਇਸ ਸਿਖਲਾਈ ਪ੍ਰੋਗਰਾਮ ਵਿੱਚ ਦਾਖਲਾ ਲੈ ਕੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਹੋਰ ਵਧੇਰੇ ਜਾਣਕਾਰੀ ਲੈਣ ਲਈ ਦਫ਼ਤਰ ਦੇ ਮੋਬਾਈਲ ਨੰਬਰ 97812-25425 ਜਾਂ 95929-55389 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।