ਪਹਿਲਾਂ ਨੂੰਹ ਦਾ ਕਰਵਾਇਆ ਗਰਭਪਾਤ, ਫੇਰ ਨਹੀਂ ਆਉਣ ਦਿੱਤਾ ਘਰੇ, ਦੁਖੀ ਨੂੰਹ ਨੇ ਪ੍ਰਸ਼ਾਸਨ ਕੋਲ ਲਾਈ ਗੁਹਾਰ

15

13 ਫਰਵਰੀ 2025: Aj Di Awaaj

ਫਰੀਦਕੋਟ ਜਿਲ੍ਹੇ ਦੇ ਕਸਬਾ ਸਾਦਿਕ ਵਾਸੀ ਪਰਿਵਾਰ ਨੇ ਪੁਲਿਸ ਵਿਭਾਗ ‘ਤੇ ਇਲਜਾਮ ਲਗਾਉਂਦਿਆ ਕਿਹਾ ਕਿ ਉਹਨਾਂ ਦੀ ਲੜਕੀ ਦੀ ਸ਼ਾਦੀ ਕੋਟ ਸੇਖਾਂ ਵਿਖੇ ਹੋਈ ਸੀ ਅਤੇ ਵਿਆਹ ਤੋਂ ਬਾਅਦ ਹੀ ਸਹੁਰਾ ਪਰਿਵਾਰ ਦਾਜ-ਦਹੇਜ ਲਈ ਉਹਨਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਿਆ ਸੀ। ਪਰਿਵਾਰ ਨੇ ਕਿਹਾ ਕਿ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਦਾ ਕਥਿਤ ਧੱਕੇ ਨਾਲ ਪਹਿਲਾਂ ਗਰਭਪਾਤ ਕਰਵਾਇਆ ਅਤੇ ਬਾਅਦ ਵਿਚ ਜਦ ਦੂਸਰਾ ਬੱਚਾ ਹੋਇਆ ਤਾਂ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਨੂੰ ਆਪਣੇ ਘਰ ਆਉਣ ਤੋਂ ਮਨ੍ਹਾਂ ਕਰ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਸੰਬੰਧੀ ਇਕ ਮੁਕਦਮਾਂ ਵੀ ਸਹੁਰਾ ਪਰਿਵਾਰ ਤੇ ਦਾਜ ਦਹੇਜ ਅਤੇ ਹੋਰ ਧਰਾਵਾਂ ਤਹਿਤ ਦਰਜ ਹੋਇਆ ਸੀ।

ਪੀੜਤ ਪਰਿਵਾਰ ਨੇ ਕਿਹਾ ਕਿ ਮੁਕਦਮਾਂ ਦਰਜ ਹੋਣ ਤੋਂ ਪਹਿਲਾਂ ਉਹਨਾਂ ਦੀ ਲੜਕੀ ਮੋਗਾ ਵਿਖੇ ਡਿਉਟੀ ਕਰਦੀ ਹੋਣ ਕਾਰਨ ਅਤੇ ਗਰਭ ਅਵਸਥਾ ਹੋਣ ਕਾਰਨ ਡਾਕਟਰਾਂ ਦੀ ਸਲਾਹ ਤੇ ਕੋਟਈਸੇਖਾਂ ਦੀ ਜਗ੍ਹਾ ਮੋਗਾ ਵਿਖੇ ਆਪਣੇ ਪਤੀ ਸਮੇਤ ਕਿਰਾਏ ਦੇ ਮਕਾਨ ਵਿਚ ਰਹਿਣ ਲੱਗੀ ਸੀ ਅਤੇ ਘਰ ਦਾ ਵਰਤੋਂ ਵਾਲਾ ਸਮਾਨ ਉਹ ਆਪਣੇ ਸਹੁਰਾ ਪਰਿਵਾਰ ਦੀ ਸਹਿਮਤੀ ਅਤੇ ਮੋਹਤਬਰ ਬੰਦਿਆ ਦੀ ਹਾਜਰੀ ਵਿਚ ਚੁੱਕ ਕੇ ਲਿਆਈ ਸੀ। ਪਰ ਕਰੀਬ 8 ਮਹੀਨੇ ਬਾਅਦ ਸਹੁਰਾ ਪਰਿਵਾਰ ਵੱਲੋਂ ਉਹਨਾਂ ਖਿਲਾਫ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਕਿ ਪਰਿਵਾਰ ਧੱਕੇ ਨਾਲ ਸਮਾਨ ਚੁੱਕ ਕੇ ਲੈ ਗਿਆ ਅਤੇ ਪੁਲਿਸ ਨੇ ਸਭ ਤੱਥ ਪੇਸ਼ ਕੀਤੇ ਜਾਣ ਦੇ ਬਾਵਜੂਦ ਵੀ ਲੜਕੀ ਧਿਰ ਦੇ ਚਾਰ ਲੋਕਾਂ ਤੇ ਚੋਰੀ ਦਾ ਮੁਕੱਦਮਾਂ ਦਰਜ ਕਰ ਦਿੱਤਾ। ਜਿਸ ਨੂੰ ਖਾਰਿਜ਼ ਕਰਵਾਉਣ ਲਈ ਉਹਨਾਂ ਵੱਲੋਂ ਪਹਿਲਾਂ ਡੀਜੀਪੀ ਦਫਤਰ ਤੱਕ ਪਹੁੰਚ ਕੀਤੀ ਗਈ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੋਈ ਜਾਂਚ ਵਿਚ ਇਹ ਮੁਕੱਦਮਾਂ ਝੂਠਾ ਪਾਇਆ ਗਿਆ।

ਤਫਤੀਸ਼ ਕਰਤਾ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਜਸਮੀਤ ਸਿੰਘ ਨੇ ਇਸ ਮੁਕੱਦਮੇਂ ਨੂੰ ਖਾਰਜ ਕਰਨ ਦੀ ਰਿਪੋਰਟ ਦਿੱਤੀ ਸੀ। ਪੀੜਤ ਪਰਿਵਾਰ ਦਾ ਕਹਿਣਾਂ ਕਿ ਸੰਬੰਧਿਤ ਥਾਨੇ ਵੱਲੋਂ ਇਸ ਨੂੰ ਖਾਰਜ ਨਹੀਂ ਕੀਤਾ ਜਾ ਰਿਹਾ ਉਲਟਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਤਰਾਂ ਤਰਾਂ ਦੀਆਂ ਗੱਲਾਂ ਕੀਤੀਆ ਜਾ ਰਹੀਆਂ ਹਨ ਝੂਠੀਆਂ ਦਰਖਾਸਤਾਂ ਦੇ ਕੇ ਝੂਠੇ ਮੁਕੱਦਮੇਂ ਦਰਜ ਕਰਨ ਦੀਆਂ ਕਥਿਤ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਹੁਰਾ ਪਰਿਵਾਰ ਖਿਲਾਫ ਦਰਜ ਕੇਸ ਵਿਚ ਰਾਜੀਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ।

ਪੀੜਤ ਪਰਿਵਾਰ ਨੇ ਫਰੀਦਕੋਟ ਰੇਂਜ ਦੇ ਡੀਆਈਜੀ ਦਫਤਰ ਦੇ ਰੀਡਰ ਤੇ ਵੀ ਇਲਜਾਂਮ ਲਗਾਏ ਜਾ ਰਹੇ ਹਨ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਨੂੰ ਆਈਜੀ ਸਾਹਿਬ ਨਾਲ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ। ਇਸ ਦੇ ਨਾਲ ਹੀ ਪਰਿਵਾਰ ਨੇ ਐਸਸਪੀ ਹੈਡੁਆਟਰ ਸ਼੍ਰੀ ਮੁਕਤਸਰ ਤੇ ਵੀ ਇਲਜਾਂਮ ਲਗਾਏ ਕਿ ਉਹਨਾਂ ਦੇ ਮਾਮਲੇ ਵਿਚ ਬਣੀ ਐਸਆਈਟੀ ਦੇ ਇਨਸਾਚਰਜ ਐਸਪੀ ਸਾਹਿਬ ਹਨ ਅਤੇ ਉਹਨਾਂ ਦੇ ਦਫਤਰੋਂ ਵੀ ਉਹਨਾਂ ਨੂੰ ਲਗਾਤਾਰ ਧਮਕਾਇਆ ਜਾ ਰਿਹਾ।

ਪੀੜਤ ਪਰਿਵਾਰ ਨੇ ਜਿਥੇ ਇਨਸਾਫ ਦੀ ਮੰਗ ਕੀਤੀ ਉਥੇ ਹੀ ਪੀੜਤ ਲੜਕੀ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ।