ਬਰਨਾਲਾ, 1 ਜੂਨ 2026 AJ DI Awaaj
Punjab Desk : ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਜਿੱਥੇ 100 ਫੀਸਦੀ ਬਲਾਕਾਂ ਵਿਚ ਹਾਊਸਿੰਗ ਅਤੇ ਹਾਊਸ ਲਿਸਟਿੰਗ ਸ਼ੁਰੂ ਕਰਨ ਵਿਚ ਸੂਬੇ ਵਿਚੋਂ ਮੋਹਰੀ ਹੈ, ਓਥੇ ਹੰਡਿਆਇਆ ਪਹਿਲਾ ਪੜਾਅ ਮੁਕੰਮਲ ਕਰਨ ਵਿਚ ਸੂਬੇ ਵਿਚੋਂ ਪਹਿਲੇ ਸਥਾਨ ‘ਤੇ ਰਿਹਾ ਹੈ।
ਇਹ ਪ੍ਰਗਟਾਵਾ ਡਾਇਰੈਕਟਰ ਜਨਗਣਨਾ ਕਾਰਜ, ਪੰਜਾਬ ਨਵਜੋਤ ਕੌਰ ਆਈ ਏ ਐੱਸ ਵਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਲੈਕਸ ਵਿੱਚ ਡਿਪਟੀ ਕਮਿਸ਼ਨਰ ਕਮ ਪ੍ਰਮੁੱਖ ਜਨਗਣਨਾ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐੱਸ ਸਮੇਤ ਹੋਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਦੌਰਾਨ ਕੀਤਾ ਗਿਆ। ਓਹਨਾਂ ਜ਼ਿਲ੍ਹਾ ਬਰਨਾਲਾ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਹਾਊਸਲਿਸਟਿੰਗ ਅਤੇ ਹਾਊਸਿੰਗ ਆਪਰੇਸ਼ਨਜ਼ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਗਿਣਤੀਕਾਰਾਂ, ਸੁਪਰਵਾਇਜ਼ਰਾਂ, ਚਾਰਜ ਅਫ਼ਸਰਾਂ ਸਮੇਤ ਜ਼ਿਲ੍ਹੇ ਦੀ ਪੂਰੀ ਟੀਮ ਦੀ ਸ਼ਲਾਘਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਵਿੱਚ ਕੁੱਲ 972 ਹਾਊਸਿੰਗ ਲਿਸਟਿੰਗ ਬਲਾਕ ਹਨ ਅਤੇ 1200 ਤੋਂ ਵੱਧ ਗਿਣਤੀਕਾਰ ਅਤੇ ਸੁਪਰਵਾਈਜ਼ਰ ਲਗਾਏ ਗਏ ਹਨ। ਨਗਰ ਨਿਗਮ ਬਰਨਾਲਾ ਤੋਂ ਇਲਾਵਾ ਜ਼ਿਲ੍ਹੇ ਵਿੱਚ 7 ਚਾਰਜ ਸਰਕਲ ਤਹਿਸੀਲ ਬਰਨਾਲਾ, ਤਹਿਸੀਲ ਮਹਿਲ ਕਲਾਂ, ਤਹਿਸੀਲ ਤਪਾ, ਨਗਰ ਪੰਚਾਇਤ ਹੰਡਿਆਇਆ, ਨਗਰ ਕੌਂਸਲ ਧਨੌਲਾ, ਨਗਰ ਕੌਂਸਲ ਤਪਾ, ਨਗਰ ਕੌਂਸਲ ਭਦੌੜ ਹਨ। ਇਨ੍ਹਾਂ ਵਿਚੋਂ ਹੰਡਿਆਇਆ ਨੇ ਸੂਬੇ ਵਿਚੋਂ ਮੋਹਰੀ ਰਹਿ ਕੇ ਜਨਗਣਨਾ ਦਾ ਪਹਿਲਾ ਪੜਾਅ ਮੁਕੰਮਲ ਕੀਤਾ ਹੈ। ਹੰਡਿਆਇਆ ਵਿਚ ਚਾਰਜ ਅਫ਼ਸਰ ਹਰਪ੍ਰੀਤ ਸਿੰਘ (ਕਾਰਜਸਾਧਕ ਅਫ਼ਸਰ) ਦੀ ਅਗਵਾਈ ਵਿੱਚ 26 ਗਿਣਤੀਕਾਰਾਂ ਅਤੇ 5 ਸੁਪਰਵਾਇਜ਼ਰਾਂ ਵਲੋਂ ਸਾਰੇ 26 ਐਚ ਐਲ ਬੀ (ਹਾਊਸ ਲਿਸਟਿੰਗ ਬਲਾਕ) ਮੁਕੰਮਲ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਡਾਇਰੈਕਟਰ ਨਵਜੋਤ ਕੌਰ ਵਲੋਂ ਹੰਡਿਆਇਆ ਦੇ ਚਾਰਜ ਅਫ਼ਸਰ ਹਰਪ੍ਰੀਤ ਸਿੰਘ, ਜਨਗਨਣਾ ਕਲਰਕ ਗੁਰਦੀਪ ਸਿੰਘ ਅਤੇ ਟੀਏ ਨਵਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਡਾਇਰੈਕਟਰ ਜਨਗਣਨਾ ਨੇ ਕਿਹਾ ਕਿ ਗਿਣਤੀਕਾਰਾਂ ਨੂੰ ਸਹੀ ਅਤੇ ਤੱਥਾਂ ‘ਤੇ ਆਧਾਰਿਤ ਡੇਟਾ ਇਕੱਤਰ ਕਰਨ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਅਹਿਮ ਕਾਰਜ ਨੂੰ ਸੰਜੀਦਗੀ ਨਾਲ ਅਤੇ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਓਹਨਾਂ ਸਮੂਹ ਚਾਰਜ ਅਫ਼ਸਰਾਂ ਨੂੰ ਇਸ ਕਾਰਜ ਦੀ ਲਗਾਤਾਰ ਨਿਗਰਾਨੀ ਕਰਨ ਲਈ ਕਿਹਾ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜਨਗਣਨਾ 2027 ਫੇਜ਼-1 – ਹਾਊਸਲਿਸਟਿੰਗ ਅਤੇ ਹਾਊਸਿੰਗ ਆਪਰੇਸ਼ਨਜ਼ 15 ਮਈ, 2026 ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ 13 ਜੂਨ, 2026 ਤੱਕ ਚੱਲੇਗਾ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਆਈ ਏ ਐੱਸ, ਐੱਸ ਡੀ ਐਮ ਮਹਿਲ ਕਲਾਂ ਕ੍ਰਿਤਿਕਾ ਗੋਇਲ ਆਈ ਏ ਐੱਸ, ਐੱਸ ਡੀ ਐਮ ਤਪਾ ਆਯੂਸ਼ ਗੋਇਲ ਆਈ ਏ ਐੱਸ, ਖੋਜ ਅਫ਼ਸਰ (ਉਪ ਅਰਥ ਤੇ ਅੰਕੜਾ ਸਲਾਹਕਾਰ) ਚਰਨਜੀਤ ਕੌਰ, ਜਨਗਣਨਾ ਸੈੱਲ ਇੰਚਾਰਜ ਹਰਜੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਲਵਦੀਪ ਸਿੰਘ ਸਮੇਤ ਸਮੂਹ ਚਾਰਜ ਅਫ਼ਸਰ ਅਤੇ ਸਟਾਫ਼ ਹਾਜ਼ਰ ਸੀ।
—–ਬਾਕਸ ਲਈ ਤਜਵੀਜ਼ਤ —-
ਡਾਇਰੈਕਟਰ ਵਲੋਂ ਬਰਨਾਲਾ, ਰੂੜੇਕੇ ਕਲਾਂ ਦਾ ਦੌਰਾ, ਫੀਲਡ ਸਟਾਫ਼ ਤੇ ਨਾਗਰਿਕਾਂ ਨਾਲ ਕੀਤੀ ਗੱਲਬਾਤ
ਇਸ ਮੌਕੇ ਡਾਇਰੈਕਟਰ ਜਨਗਣਨਾ ਪੰਜਾਬ ਨਵਜੋਤ ਕੌਰ ਆਈ ਏ ਐੱਸ ਵਲੋਂ ਬਰਨਾਲਾ ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰ ਵਿਚੋਂ ਰੂੜੇਕੇ ਕਲਾਂ ਵਿੱਚ ਜਾ ਕੇ ਘਰਾਂ ਦੇ ਸੂਚੀਕਰਨ ਦੇ ਕਾਰਜ ਦਾ ਜਾਇਜ਼ਾ ਲਿਆ ਗਿਆ। ਓਹਨਾਂ ਜਿੱਥੇ ਗਿਣਤੀਕਾਰਾਂ ਅਤੇ ਸੁਪਰਵਾਇਜ਼ਰਾਂ ਦੇ ਕੰਮ ਦੀ ਸਮੀਖਿਆ ਕੀਤੀ ਓਥੇ ਨਾਗਰਿਕਾਂ ਨਾਲ ਗੱਲ ਕੀਤੀ। ਇਸ ਮੌਕੇ ਉਹਨਾਂ ਫੀਲਡ ਸਟਾਫ਼ ਨਾਲ ਗੱਲ ਕਰਦਿਆਂ ਸਹੀ ਜਾਣਕਾਰੀ/ ਤੱਥਾਂ ‘ਤੇ ਆਧਾਰਿਤ ਡੇਟਾ ਇਕੱਤਰ ਕਰਨ ਉੱਤੇ ਜ਼ੋਰ ਦਿੱਤਾ।














